Punjab Junction Newspaper | 25 January 2022
ਨਵੀਂ ਦਿੱਲੀ,
ਪੰਜਾਬ ਵਿਧਾਨ ਸਭਾ ਚੋਣਾਂ ‘ਚ ਭਾਜਪਾ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦਰਮਿਆਨ ਹੋਈ ਸੀਟਾਂ ਦੀ ਵੰਡ ਤਹਿਤ ਭਾਜਪਾ ਪੰਜਾਬ ‘ਚ 65 ਸੀਟਾਂ ‘ਤੇ ਚੋਣਾਂ ਲੜੇਗੀ, ਜਦਕਿ ਕੈਪਟਨ ਦੀ ਪੰਜਾਬ ਲੋਕ ਕਾਂਗਰਸ 37 ਅਤੇ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 15 ਸੀਟਾਂ ‘ਤੇ ਚੋਣ ਲੜੇਗੀ | ਇਹ ਐਲਾਨ ਸੋਮਵਾਰ ਨੂੰ ਦਿੱਲੀ ‘ਚ ਭਾਜਪਾ ਦੇ ਹੈੱਡਕੁਆਰਟਰ ਵਿਖੇ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਵਲੋਂ ਕੀਤਾ ਗਿਆ, ਜਿਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵੀ ਮੌਜੂਦ ਸਨ |
ਭਾਜਪਾ ਦਾ ਫੋਕਸ ਰਾਸ਼ਟਰੀ ਸੁਰੱਖਿਆ
ਭਾਜਪਾ ਨੇ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਪੇਸ਼ ਕਰਦਿਆਂ ਮੁੱਖ ਤੌਰ ‘ਤੇ ਰਾਸ਼ਟਰੀ ਸੁਰੱਖਿਆ ਨੂੰ ਫੋਕਸ ‘ਚ ਰੱਖਿਆ | ਇਸ ਸੰਬੰਧੀ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਦੇ ਲਿਹਾਜ਼ ਨਾਲ ਅਹਿਮ ਸਰਹੱਦੀ ਸੂਬੇ ਪੰਜਾਬ ‘ਚ ਭਾਜਪਾ ਦਾ ਮਕਸਦ ਸਿਰਫ਼ ਸਰਕਾਰ ਬਦਲਣਾ ਨਹੀਂ ਸਗੋਂ ਇਹ ਚੋਣਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਰੱਖਣ ਲਈ ਵੀ ਹਨ | ਨੱਢਾ ਨੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਭਾਰਤ ਦੇ ਸੰਬੰਧਾਂ ‘ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਦੀ 600 ਕਿੱਲੋਮੀਟਰ ਦੀ ਸਰਹੱਦ ਪਾਕਿਸਤਾਨ ਨਾਲ ਜੁੜੀ ਹੋਈ ਹੈ, ਜਿਸ ਰਾਹੀਂ ਨਸ਼ਿਆਂ ਤੋਂ ਲੈ ਕੇ ਹਥਿਆਰਾਂ ਤੱਕ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ | ਉਨ੍ਹਾਂ ਸੁਰੱਖਿਅਤ ਪੰਜਾਬ ਨੂੰ ਸੂਬੇ ਅਤੇ ਦੇਸ਼ ਦੀ ਜ਼ਰੂਰਤ ਕਰਾਰ ਦਿੰਦਿਆਂ ਹਾਲ ਹੀ ‘ਚ ਕੇਂਦਰ ਵਲੋਂ ਪੰਜਾਬ ‘ਚ ਬੀ.ਐੱਸ.ਐੱਫ਼. ਦਾ ਦਾਇਰਾ ਵਧਾਉਣ ਦੇ ਫ਼ੈਸਲੇ ਦਾ ਵੀ ਜ਼ਿਕਰ ਕੀਤਾ, ਜਿਸ ‘ਤੇ ਬਾਅਦ ‘ਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਹੀ ਦੀ ਮੋਹਰ ਲਾਉਂਦਿਆਂ ਇਸ ਨੂੰ ਸੁਰੱਖਿਆ ਪੱਖੋਂ ਲਿਆ ਸਹੀ ਫ਼ੈਸਲਾ ਕਰਾਰ ਦਿੱਤਾ ਸੀ | ਨੱਢਾ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਇਸ ਵੇਲੇ ਪੰਜਾਬ ‘ਚ ਮਜ਼ਬੂਤ ਸਰਕਾਰ ਦੀ ਲੋੜ ਹੈ |
ਸ੍ਰੀ ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ ਜੀ ਸਮੇਤ ਕਈ ਸ਼ਖ਼ਸੀਅਤਾਂ ਦਾ ਕੀਤਾ ਜ਼ਿਕਰ
ਨੱਢਾ ਨੇ ਆਪਣੇ ਭਾਸ਼ਨ ‘ਚ ਨਾ ਸਿਰਫ਼ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ, ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਦੇ ਬਲੀਦਾਨ ਦਾ ਜ਼ਿਕਰ ਕੀਤਾ, ਸਗੋਂ ਆਜ਼ਾਦੀ ਦੇ ਸੰਘਰਸ਼ ‘ਚ ਯੋਗਦਾਨ ਪਾਉਣ ਵਾਲੇ ਲਾਲਾ ਲਾਜਪਤ ਰਾਏ, ਸ਼ਹੀਦ ਭਗਤ ਸਿੰਘ ਦਾ ਵੀ ਉਚੇਚੇ ਤੌਰ ‘ਤੇ ਨਾਂਅ ਲਿਆ | ਨੱਢਾ ਨੇ ਪੰਜਾਬ ਨੂੰ ਹੋਂਦ ‘ਚ ਲਿਆਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਾਸਟਰ ਤਾਰਾ ਸਿੰਘ ਨੂੰ ਵੀ ਭਾਸ਼ਨ ‘ਚ ਸ਼ਾਮਿਲ ਕੀਤਾ | ਭਾਜਪਾ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਅਤੇ ਵਿਸ਼ੇਸ਼ ਤੌਰ ‘ਤੇ ਸਿੱਖ ਭਾਈਚਾਰੇ ਲਈ ਚੁੱਕੇ ਕਦਮਾਂ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਨਾਲ ਵਿਸ਼ੇਸ਼ ਜੁੜਾਵ ਰਿਹਾ ਹੈ | ਉਨ੍ਹਾਂ ਇਸ ਲਈ ਹਾਲ ਹੀ ‘ਚ ਮੋਦੀ ਵਲੋਂ 26 ਦਸੰਬਰ ਨੂੰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੇ ਸ਼ਹੀਦੀ ਦਿਵਸ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦੇ ਫ਼ੈਸਲੇ ਨੂੰ ਵੀ ਇਸੇ ਦਿਸ਼ਾ ‘ਚ ਚੁੱਕਿਆ ਕਦਮ ਕਰਾਰ ਦਿੱਤਾ | ਨੱਢਾ ਨੇ ਲੰਗਰ ਤੋਂ ਜੀ.ਐੱਸ.ਟੀ. ਹਟਾਉਣ, ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਆਧੁਨਿਕੀਕਰਨ, ਸ੍ਰੀ ਹਰਿਮੰਦਰ ਸਾਹਿਬ ਤੋਂ ਐੱਫ.ਸੀ.ਆਰ.ਏ. ਦੀ ਪਾਬੰਦੀ ਹਟਾਉਣ, 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਸਿੱਖਾਂ ਨੂੰ ਕਾਲੀ ਸੂਚੀ ‘ਚੋਂ ਹਟਾਉਣ ਜਿਹੇ ਕਈ ਫ਼ੈਸਲਿਆਂ ਨੂੰ ਦੁਹਰਾਉਂਦਿਆਂ ਇਹ ਵੀ ਕਿਹਾ ਕਿ ਪੰਜਾਬ ‘ਤੇ ਇਸ ਵੇਲੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਅਤੇ ਕੇਂਦਰ ਅਤੇ ਸੂਬਾ ਸਰਕਾਰ ਦੀ ਡਬਲ ਇੰਜਣ ਦੀ ਸਰਕਾਰ ਨਾਲ ਪੰਜਾਬ ਨੂੰ ਆਰਥਿਕ, ਸਿਆਸੀ ਅਤੇ ਵਿਰਾਸਤੀ ਪੱਖੋਂ ਹੁਲਾਰਾ ਮਿਲੇਗਾ |
ਇਮਰਾਨ ਖ਼ਾਨ ਨੇ ਕੀਤੀ ਸੀ ਸਿੱਧੂ ਨੂੰ ਮੰਤਰੀ ਬਣਾਉਣ ਦੀ ਸਿਫ਼ਾਰਸ਼-ਕੈਪਟਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਹੁਣ ਚੋਣ ਗੱਠਜੋੜ ‘ਚ ਭਾਜਪਾ ਦੇ ਭਾਈਵਾਲ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ‘ਚ ਆਪਣਾ ਵਧੇਰੇ ਫੋਕਸ ਨਵਜੋਤ ਸਿੰਘ ਸਿੱਧੂ ‘ਤੇ ਹੀ ਰੱਖਿਆ | ਕੈਪਟਨ ਨੇ ਸਿੱਧੂ ਨੂੰ ਲੈ ਕੇ ਦਿੱਤੇ ਬਿਆਨ ‘ਚ ਕਿਹਾ ਕਿ ਸੂਬੇ ‘ਚ ਜਦ ਉਨ੍ਹਾਂ ਦੀ ਸਰਕਾਰ ਬਣੀ ਸੀ ਤਾਂ ਨਵਜੋਤ ਸਿੰਘ ਸਿੱਧੂ ਨੂੰ ਮੰਤਰਾਲੇ ‘ਚ ਰੱਖਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਸੰਦੇਸ਼ ਆਇਆ ਸੀ | ਉਨ੍ਹਾਂ ਕਿਹਾ ਕਿ ਸੰਦੇਸ਼ ‘ਚ ਕਿਹਾ ਗਿਆ ਕਿ ਸਿੱਧੂ ਉਨ੍ਹਾਂ (ਇਮਰਾਨ ਖ਼ਾਨ) ਦਾ ਚੰਗਾ ਦੋਸਤ ਹੈ, ਉਸ ਨੂੰ ਸਰਕਾਰ ‘ਚ ਰੱਖ ਸਕਦੇ ਹੋ ਤਾਂ ਰੱਖ ਲਓ | ਕੰਮ ਨਹੀਂ ਕਰੇਗਾ ਤਾਂ ਕੱਢ ਦੇਣਾ | ਕੈਪਟਨ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਦੀ ਜਿੱਤ ਤੋਂ ਬਾਅਦ ਅਜਿਹਾ ਸੰਦੇਸ਼ ਵੇਖ ਕੇ ਉਨ੍ਹਾਂ ਨੂੰ ਝਟਕਾ ਲੱਗਾ ਕਿ ਇਕ ਵਿਅਕਤੀ ਨੂੰ ਰਾਜ ਦਾ ਮੰਤਰੀ ਦਾ ਅਹੁਦਾ ਦਿਵਾਉਣ ਲਈ ਦੂਜੇ ਦੇਸ਼ ਦਾ ਪ੍ਰਧਾਨ ਮੰਤਰੀ ਕਿਵੇਂ ਦਬਾਅ ਪਾ ਸਕਦਾ ਹੈ | ਕੈਪਟਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਹ ਸੰਦੇਸ਼ ਸੋਨੀਆ ਗਾਂਧੀ ਅਤੇ ਪਿ੍ਅੰਕਾ ਗਾਂਧੀ ਨੂੰ ਵੀ ਭੇਜੇ | ਕੈਪਟਨ ਨੇ ਸਿੱਧੂ ਦੇ ਖ਼ਿਲਾਫ਼ ਛਿੜੀ ਸ਼ਬਦੀ ਜੰਗ ਨੂੰ ਹੋਰ ਤਿੱਖਾ ਕਰਦਿਆਂ ਉਨ੍ਹਾਂ ਨੂੰ ਅਸਮਰੱਥ ਕਰਾਰ ਦਿੰਦਿਆਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਬਾਰੇ ਮੰਤਰੀ ਬਣਾਉਣ ‘ਤੇ 70 ਦਿਨਾਂ ‘ਚ ਉਨ੍ਹਾਂ ਕੋਈ ਫਾਇਲ ਨਹੀਂ ਕੱਢੀ |