Punjab Junction Weekly Newspaper / 31 October 2022
ਅੰਮਿ੍ਤਸਰ,
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਭਾਰਤੀ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ ਹੈ | ਇਸਲਾਮਾਬਾਦ ਸਥਿਤ ਪਾਕਿ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਪ੍ਰਕਾਸ਼ ਪੁਰਬ ਮੌਕੇ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਆਉਣ ਦੀ ਇੱਛੁਕ ਸਿੱਖ ਸੰਗਤ ਦੇ 5600 ਤੋਂ ਵਧੇਰੇ ਭਾਰਤੀ ਪਾਸਪੋਰਟ ਵੀਜ਼ਾ ਲਈ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਕੋਲ ਪਹੁੰਚੇ ਹਨ | ਉਨ੍ਹਾਂ ਨਾਲ ਹੀ ਇਹ ਵੀ ਦੱਸਿਆ ਕਿ ਭਾਰਤ-ਪਾਕਿ ਦਰਮਿਆਨ ਹੋਏ ਦੁਵੱਲੇ ‘ਪ੍ਰੋਟੋਕਾਲ ਆਨ ਵਿਜ਼ਿਟਸ ਟੂ ਰਿਲੀਜੀਅਸ ਸ਼ਰਾਈਨਜ਼-1974’ ਸਮਝੌਤੇ ਤਹਿਤ ਭਾਰਤੀ ਜਥੇ ਲਈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 3000 ਵੀਜ਼ੇ ਹੀ ਜਾਰੀ ਕੀਤੇ ਜਾ ਸਕਦੇ ਹਨ | ਉੱਧਰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧਿਕਾਰੀਆਂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਕਾਸ਼ ਦਿਹਾੜੇ ਮੌਕੇ ਭਾਰਤੀ ਜਥੇ ਲਈ 10 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਜਾ ਰਿਹਾ ਹੈ ਤੇ 6 ਨਵੰਬਰ ਨੂੰ ਜਥਾ ਵਾਹਗਾ ਤੋਂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਕੀਤਾ ਜਾਵੇਗਾ, ਜਿੱਥੇ 8 ਨਵੰਬਰ ਨੂੰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਖੰਡ ਸਾਹਿਬ ਦੇ ਭੋਗ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਤੇ 15 ਨਵੰਬਰ ਨੂੰ ਜਥੇ ਦੀ ਭਾਰਤ ਵਾਪਸੀ ਹੋਵੇਗੀ | ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਸ਼ਮੂਲੀਅਤ ਕਰਨ ਲਈ ਸੂਬਾ ਖ਼ੈਬਰ ਪਖਤੂਨਖਵਾ, ਸਿੰਧ, ਪੰਜਾਬ, ਬਲੋਚਿਸਤਾਨ ਤੇ ਭਾਰਤ ਸਮੇਤ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਘਾਪੁਰ ਆਦਿ ਤੋਂ ਲਗਭਗ 8000 ਸ਼ਰਧਾਲੂਆਂ ਦੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਚ ਪਹੁੰਚਣ ਦੀ ਸੰਭਾਵਨਾ ਹੈ |
ਗੁਰਦੁਆਰਾ ਸਾਹਿਬਾਨ ‘ਚ ਗ਼ੈਰ-ਸਿੱਖਾਂ ਦੇ ਦਾਖ਼ਲੇ ‘ਤੇ ਰਹੇਗੀ ਰੋਕ
ਜਾਣਕਾਰੀ ਅਨੁਸਾਰ ਪੁਲਿਸ ਪ੍ਰਸ਼ਾਸਨ ਵਲੋਂ ਹੁਕਮ ਜਾਰੀ ਕਰਦਿਆਂ 6 ਤੋਂ 15 ਨਵੰਬਰ ਤੱਕ ਸ੍ਰੀ ਨਨਕਾਣਾ ਸਾਹਿਬ, ਹਸਨ ਅਬਦਾਲ, ਏਮਨਾਬਾਦ, ਲਾਹੌਰ, ਨਾਰੋਵਾਲ ਆਦਿ ਸ਼ਹਿਰਾਂ ਦੇ ਸਾਰੇ ਗੁਰਦੁਆਰਾ ਸਾਹਿਬਾਨ ‘ਚ ਆਮ ਤੇ ਖ਼ਾਸ ਪਾਕਿਸਤਾਨੀ ਮੁਸਲਿਮ ਨਾਗਰਿਕਾਂ ਦੇ ਜਾਣ ‘ਤੇ ਰੋਕ ਲਗਾ ਦਿੱਤੀ ਗਈ ਹੈ | ਯਾਤਰੂਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਡਿਸਟਿ੍ਕਟ ਪੁਲਿਸ ਅਫ਼ਸਰ ਵਲੋਂ ਹਦਾਇਤਾਂ ਜਾਰੀ ਕਰਦਿਆਂ ਗੁਰਦੁਆਰਿਆਂ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਸਟਾਲ ਲਗਾਉਣ ‘ਤੇ ਸਖ਼ਤ ਮਨਾਹੀ ਲਗਾਈ ਗਈ ਹੈ | ਇਸ ਦੇ ਇਲਾਵਾ ਦੇਸ਼-ਵਿਦੇਸ਼ ਤੋਂ ਆਏ ਗ਼ੈਰ ਕੇਸ ਧਾਰੀਆਂ ਸਮੇਤ ਸਿੰਧੀ ਹਿੰਦੂਆਂ ਲਈ ਗੁਰਦੁਆਰਿਆਂ ‘ਚ ਪ੍ਰਵੇਸ਼ ਮੌਕੇ ਗਲੇ ਵਿਚ ਆਪਣਾ ਸ਼ਨਾਖ਼ਤੀ ਕਾਰਡ ਜਾਂ ਐਨ. ਆਈ. ਸੀ. ਕਾਰਡ ਪਾਉਣਾ ਲਾਜ਼ਮੀ ਕੀਤਾ ਗਿਆ ਹੈ |
Chief Editor- Jasdeep Singh (National Award Winner)