Punjab Junction Newspaper | 28 December 2021
ਚੰਡੀਗੜ੍ਹ, -ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਪਹਿਲੀ ਵਾਰ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ ਨੇ ਕੁੱਲ 35 ‘ਚੋਂ 14 ਸੀਟਾਂ ‘ਤੇ ਧਮਾਕੇਦਾਰ ਜਿੱਤ ਹਾਸਲ ਕੀਤੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ ਹੈ। ਆਮ ਆਦਮੀ ਪਾਰਟੀ ਤੋਂ ਬਾਅਦ ਭਾਜਪਾ 12 ਸੀਟਾਂ ਜਿੱਤ ਕੇ ਦੂਜੇ ਨੰਬਰ ‘ਤੇ ਰਹੀ ਅਤੇ ਕਾਂਗਰਸ ਨੂੰ ਇਸ ਵਾਰ ਅੱਠ ਸੀਟਾਂ ‘ਤੇ ਜਿੱਤ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਕੇਵਲ ਇਕ ਸੀਟ ਹੀ ਆਈ ਹੈ। ‘ਆਪ’ ਦੀ ਚੰਡੀਗੜ੍ਹ ਨਗਰ ਨਿਗਮ ‘ਚ ਦਸਤਕ ਨਾਲ ਭਾਜਪਾ ਸੱਤਾ ਤੋਂ ਬਾਹਰ ਹੋ ਗਈ ਹੈ। ਭਾਜਪਾ ਦੇ ਮੌਜੂਦਾ ਮੇਅਰ ਰਵੀਕਾਂਤ ਸ਼ਰਮਾ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਮਨਪ੍ਰੀਤ ਸਿੰਘ ਤੋਂ ਚੋਣਾਂ ‘ਚ ਹਾਰ ਗਏ ਜਦਕਿ ਇਸ ਤੋਂ ਪਹਿਲਾਂ ਵੀ ਭਾਜਪਾ ਦੇ 2 ਹੋਰ ਮੇਅਰ ਰਹੇ ਉਮੀਦਵਾਰਾਂ ਨੂੰ ਵੀ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ ਰਵੀ ਕਾਂਤ ਸ਼ਰਮਾ ਨੂੰ ਵਾਰਡ ਨੰਬਰ 17 ਤੋਂ 828 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਚੋਣਾਂ ਵਿਚ ਸਭ ਤੋਂ ਵੱਧ ਜਿੱਤ ਹਾਸਲ ਕਰਨ ਤੋਂ ਬਾਅਦ ਵੀ ਆਮ ਆਦਮੀ ਪਾਰਟੀ 19 ਸੀਟਾਂ ਲੈ ਕੇ ਬਹੁਮਤ ਹਾਸਲ ਨਹੀਂ ਕਰ ਸਕੀ ਹੈ ਜਿਸ ਕਾਰਨ ਮੇਅਰ ਬਣਨ ਨੂੰ ਲੈ ਕੇ ਇਕ ਵਾਰ ਫਿਰ ਪੇਚ ਫਸ ਗਿਆ ਹੈ। ਜੇਕਰ ਇਸ ਵਾਰ ਦੇ ਵੋਟ ਪ੍ਰਤੀਸ਼ਤ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੂੰ ਸਭ ਤੋਂ ਵੱਧ 29.8 ਫ਼ੀਸਦੀ ਵੋਟਾਂ ਪਈਆਂ ਹਨ ਜਦਕਿ ਭਾਜਪਾ ਨੂੰ 29.3 ਫ਼ੀਸਦੀ ਅਤੇ ਆਮ ਆਦਮੀ ਪਾਰਟੀ ਨੂੰ 27.1 ਫ਼ੀਸਦੀ ਵੋਟਾਂ ਮਿਲੀਆਂ ਹਨ ਜਦਕਿ ਇਸ ਤੋਂ ਇਲਾਵਾ ਹੋਰਨਾਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੂੰ 13.4 ਫ਼ੀਸਦੀ ਵੋਟਾਂ ਮਿਲੀਆਂ ਹਨ। ਜ਼ਿਆਦਾ ਵੋਟਾਂ ਮਿਲਣ ਦੇ ਬਾਵਜੂਦ ਕਾਂਗਰਸ ਤੀਜੇ ਨੰਬਰ ‘ਤੇ ਰਹੀ ਹੈ।
…………………..…………………………Chief Editor Jasdeep Singh