Punjab Junction Weekly Newspaper / 30 October 2022
ਨਿਊਜ਼ੀਲੈਂਡ ਨੇ ਸਨਿਚਰਵਾਰ ਨੂੰ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਗਰੁੱਪ-1 ਦੇ 27ਵੇਂ ਮੁਕਾਬਲੇ ‘ਚ ਸ੍ਰੀਲੰਕਾ ਨੂੰ 65 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ‘ਚ ਦੂਸਰੀ ਜਿੱਤ ਦਰਜ ਕੀਤੀ | ਨਿਊਜ਼ੀਲੈਂਡ ਦੇ ਹੁਣ ਤਿੰਨ ਮੈਚਾਂ ‘ਚ 2 ਜਿੱਤਾਂ ਦੇ ਨਾਲ ਪੰਜ ਅੰਕ ਹੋ ਗਏ ਹਨ | ਨਿਊਜ਼ੀਲੈਂਡ ਦਾ ਇਕ ਮੈਚ ਮੀਂਹ ਦਾ ਭੇਟ ਚੜ੍ਹ ਗਿਆ ਸੀ | ਇਸ ਮੁਕਾਬਲੇ ‘ਚ ਨਿਊਜ਼ੀਲੈਂਡ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਗਲੈਨ ਫਲਿਪਸ (104) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਆਪਣੇ 20 ਓਵਰਾਂ ‘ਚ 7 ਵਿਕਟਾਂ ‘ਤੇ 167 ਦੌੜਾਂ ਬਣਾਈਆਂ | ਜਵਾਬ ‘ਚ ਸ੍ਰੀਲੰਕਾ ਦੀ ਟੀਮ 19.2 ਓਵਰਾਂ ‘ਚ 102 ਦੌੜਾਂ ‘ਤੇ ਸਿਮਟ ਗਈ | ਸ੍ਰੀਲੰਕਾ ਵਲੋਂ ਭਾਨੁਕਾ ਰਾਜਪਕਸ਼ੇ ਨੇ 34, ਜਦਕਿ ਕਪਤਾਨ ਦਾਸੁਨ ਸ਼ਨਾਕਾ ਨੇ 35 ਦੌੜਾਂ ਦੀ ਪਾਰੀ ਖੇਡੀ | ਬਾਕੀ ਦੇ ਬੱਲੇਬਾਜ਼ ਮੈਦਾਨ ‘ਚ ਟਿਕ ਨਾ ਸਕੇ | ਨਿਊਜ਼ੀਲੈਂਡ ਵਲੋਂ ਟ੍ਰੈਂਟ ਬੋਲਟ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ | ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਖਰਾਬ ਰਹੀ | ਓਪਨਰ ਫਿਨ ਐਲਨ ਤੇ ਉਨ੍ਹਾਂ ਦੇ ਸਾਥੀ ਬੱਲੇਬਾਜ਼ ਡੇਵੋਨ ਕਾਨਵੇ 1-1 ਦੌੜ ਬਣਾ ਕੇ ਪਵੇਲੀਅਨ ਪਰਤ ਗਏ | ਕਪਤਾਨ ਕੇਨ ਵਿਲੀਅਮਸਨ ਵੀ 8 ਦੌੜਾਂ ਬਣਾ ਕੇ ਆਊਟ ਹੋ ਗਏ | ਗਲੈਨ ਫਲਿਪਸ ਨੇ ਨਿਊਜ਼ਲੈਂਡ ਦੀ ਪਾਰੀ ਨੂੰ ਸੰਭਾਲਿਆ | ਉਨ੍ਹਾਂ 64 ਗੇਂਦਾਂ ‘ਚ 104 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਟੀਮ ਨੂੰ ਚੰਗੇ ਅੰਕੜੇ ਤੱਕ ਪਹੁੰਚਾਇਆ, ਜਿਸ ‘ਚ ਉਨ੍ਹਾਂ ਦੇ 10 ਚੌਕੇ ਤੇ 4 ਛੱਕੇ ਸ਼ਾਮਿਲ ਰਹੇ | ਡੀ. ਮਿਸ਼ੇਲ ਨੇ 22 ਦੌੜਾਂ ਦਾ ਯੋਗਦਾਨ ਪਾਇਆ |
Chief Editor- Jasdeep Singh (National Award Winner)