Punjab Junction Weekly Newspaper / 01 November 2022
ਮੋਰਬੀ,
ਗੁਜਰਾਤ ਦੇ ਮੋਰਬੀ ਸ਼ਹਿਰ ‘ਚ ਐਤਵਾਰ ਦੀ ਸ਼ਾਮ ਮੱਛੂ ਨਦੀ ‘ਤੇ ਬਣਿਆ ਸਦੀ ਪੁਰਾਣਾ ਤਾਰਾਂ ਦਾ ਪੁਲ ਟੁੱਟਣ ਕਾਰਨ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ | ਮਿ੍ਤਕਾਂ ‘ਚ 40 ਬੱਚੇ ਤੇ ਕਈ ਔਰਤਾਂ ਸ਼ਾਮਿਲ ਹਨ | ਅਧਿਕਾਰੀਆਂ ਨੇ ਦੱਸਿਆ ਕਿ ਪੁਲ ਉਤੇ ਕਾਫੀ ਲੋਕ ਇਕੱਠੇ ਹੋਏ ਸਨ, ਜਿਸ ਕਾਰਨ ਸ਼ਾਮ ਕਰੀਬ 6:30 ਵਜੇ ਇਹ ਪੁਲ ਟੱੁਟ ਗਿਆ | ਇਸ ਪੁਲ ਨੂੰ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਦੇ ਬਾਅਦ 4 ਦਿਨ ਪਹਿਲਾਂ ਹੀ ਖੋਲਿ੍ਹਆ ਗਿਆ ਸੀ | ਮੋਰਬੀ ਸਿਵਲ ਹਸਪਤਾਲ ਦੇ ਸੁਪਰਡੈਂਟ ਡਾ: ਪ੍ਰਦੀਪ ਦੂਧਰਜੀਆ ਨੇ ਕਿਹਾ ਕਿ ਮੋਰਬੀ ਪੁਲ ਦੇ ਟੁੱਟਣ ਕਾਰਨ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ | ਉਨ੍ਹਾਂ ਕਿਹਾ ਕਿ ਹਸਪਤਾਲ ‘ਚ ਬਹੁਤ ਸਾਰੀਆਂ ਲਾਸ਼ਾਂ ਪੁੱਜੀਆਂ ਹਨ | ਗੁਜਰਾਤ ਦੇ ਮੰਤਰੀ ਬਿ੍ਜੇਸ਼ ਮੇਹਰਾ ਨੇ ਪੁਸ਼ਟੀ ਕੀਤੀ ਹੈ ਕਿ ਘਟਨਾ ‘ਚ 90 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ | 100 ਤੋਂ ਵੱਧ ਲੋਕਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ | ਪ੍ਰਤੱਖਦਰਸ਼ੀਆਂ ਨੇ ਕਿਹਾ ਕਿ ਲਟਕਦੇ ਪੁਲ ‘ਤੇ ਕਈ ਬੱਚੇ, ਔਰਤਾਂ ਅਤੇ ਹੋਰ ਮੌਜੂਦ ਸਨ, ਜੋ ਕਿ ਹੇਠਾਂ ਪਾਣੀ ‘ਚ ਡਿਗ ਗਏ | ਦੀਵਾਲੀ ਦੀਆਂ ਛੁੱਟੀਆਂ ਅਤੇ ਐਤਵਾਰ ਹੋਣ ਕਾਰਨ ਪੁਲ ‘ਤੇ ਸੈਲਾਨੀਆਂ ਦੀ ਕਾਫੀ ਭੀੜ ਸੀ | 26 ਅਕਤੂਬਰ ਨੂੰ ਮਨਾਏ ਗਏ ਗੁਜਰਾਤੀ ਨਵੇਂ ਸਾਲ ਮੌਕੇ ਪੁਲ ਨੂੰ ਲੋਕਾਂ ਲਈ ਖੋਲ੍ਹੇ ਜਾਣ ਤੋਂ ਪਹਿਲਾਂ ਇਕ ਨਿੱਜੀ ਆਪਰੇਟਰ ਨੇ ਲਗਪਗ ਛੇ ਮਹੀਨੇ ਪੁਲ ਦੀ ਮੁਰੰਮਤ ਦਾ ਕੰਮ ਕੀਤਾ ਸੀ | ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਲੋਕਾਂ ਨੂੰ ਨਦੀ ‘ਚੋਂ ਕੱਢਣ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ | ਜਾਣਕਾਰੀ ਮੁਤਾਬਿਕ ਇਸ ਪੁਲ ਦੀ ਭਾਰ ਚੁੱਕਣ ਦੀ ਸਮਰੱਥਾ 100 ਲੋਕਾਂ ਤੱਕ ਹੀ ਸੀ ਜਦੋਂ ਕਿ ਘਟਨਾ ਸਮੇਂ ਪੁਲ ‘ਤੇ 500 ਦੇ ਕਰੀਬ ਲੋਕ ਮੌਜੂਦ ਸਨ | ਹਾਦਸੇ ਦੇ ਕਾਰਨਾਂ ਦੀ ਜਾਂਚ ਲਈ 5 ਮੈਂਬਰੀ ਸਿਟ ਬਣਾਈ ਗਈ ਹੈ | ਪੁਲ ਟੁੱਟਣ ਕਾਰਨ 400 ਦੇ ਕਰੀਬ ਲੋਕ ਨਦੀ ‘ਚ ਡਿਗ ਗਏ | ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਇਕ ਟਵੀਟ ‘ਚ ਕਿਹਾ ਕਿ ਉਹ ਘਟਨਾ ਤੋਂ ਦੁਖੀ ਹਨ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ | ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦੇ ਤੁਰੰਤ ਇਲਾਜ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਉਹ ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ‘ਚ ਹਨ | ਪ੍ਰਤੱਖਦਰਸ਼ੀ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਪੁਲ ‘ਤੇ ਛਾਲਾਂ ਮਾਰਦੇ ਹੋਏ ਅਤੇ ਵੱਡੀਆਂ ਤਾਰਾਂ ਨੂੰ ਖਿੱਚਦੇ ਹੋਏ ਦੇਖਿਆ ਗਿਆ | ਉਨ੍ਹਾਂ ਅੱਗੇ ਕਿਹਾ ਕਿ ਸ਼ਾਇਦ ਲੋਕਾਂ ਦੀ ਵੱਡੀ ਭੀੜ ਹੋਣ ਕਾਰਨ ਪੁਲ ਟੁੱਟਾ | ਉਸ ਨੇ ਕਿਹਾ ਕਿ ਜਦੋਂ ਪੁਲ ਟੁੱਟਾ ਤਾਂ ਲੋਕ ਇਕ-ਦੂਜੇ ਦੇ ਉਤੇ ਡਿਗ ਪਏ | ਇਕ ਪ੍ਰਤੱਖਦਰਸ਼ੀ ਨੇ ਕਿਹਾ ਕਿ ਦਫ਼ਤਰ ਤੋਂ ਛੁੱਟੀ ਹੋਣ ਤੋਂ ਬਾਅਦ ਉਹ ਨਦੀ ਦੇ ਕੰਢੇ ‘ਤੇ ਗਏ ਸਨ ਤਾਂ ਉਨ੍ਹਾਂ ਨੇ ਪੁਲ ਟੁੱਟਣ ਦੀ ਆਵਾਜ਼ ਸੁਣੀ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਬਚਾਉਣ ਲਈ ਨਦੀ ‘ਚ ਛਾਲਾਂ ਮਾਰ ਦਿੱਤੀਆਂ ਅਤੇ ਕੁਝ ਬੱਚਿਆਂ ਅਤੇ ਔਰਤਾਂ ਨੂੰ ਬਚਾਇਆ | ਇਕ ਜ਼ਖ਼ਮੀ ਨੇ ਕਿਹਾ ਕਿ ਪੁਲ ਇਕਦਮ ਟੁੱਟ ਗਿਆ, ਉਸ ਨੇ ਕਿਹਾ ਕਿ ਪੁਲ ਸ਼ਾਇਦ ਇਸ ਕਰ ਕੇ ਟੁੱਟਾ ਕਿਉਂਕਿ ਪੁਲ ‘ਤੇ ਬਹੁਤ ਜ਼ਿਆਦਾ ਲੋਕ ਸਨ |
Chief Editor- Jasdeep Singh (National Award Winner)