ਨਰਿੰਦਰ ਮੋਦੀ 5 ਜਨਵਰੀ ਨੂੰ ਪੰਜਾਬ ‘ਚ ਫਿਰੋਜ਼ਪੁਰ ਵਿਖੇ ਆਉਣ ਦਾ ਪ੍ਰੋਗਰਾਮ

Punjab Junction Newspaper | 28 December 2021

ਚੰਡੀਗੜ੍ਹ, -ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 5 ਜਨਵਰੀ ਨੂੰ ਪੰਜਾਬ ‘ਚ ਫਿਰੋਜ਼ਪੁਰ ਵਿਖੇ ਆਉਣ ਦਾ ਪ੍ਰੋਗਰਾਮ ਬਣਾ ਰਹੇ ਹਨ। ਮੁੱਖ ਮੰਤਰੀ ਸਕੱਤਰੇਤ ਵਲੋਂ ਕੁਝ ਵਿਭਾਗਾਂ ਨੂੰ ਇਸ ਸੰਬੰਧੀ ਕਿਹਾ ਗਿਆ ਹੈ ਕਿ ਇਸ ਮੌਕੇ ਪ੍ਰਧਾਨ ਮੰਤਰੀ ਨੂੰ ਪੰਜਾਬ ਵਲੋਂ ਪੇਸ਼ ਕੀਤੀਆਂ ਜਾ ਰਹੀਆਂ ਮੰਗਾਂ ਸੰਬੰਧੀ ਤਜਵੀਜ਼ਾਂ ਤੁਰੰਤ ਪੇਸ਼ ਕੀਤੀਆਂ ਜਾਣ। ਸਰਕਾਰੀ ਹਲਕਿਆਂ ‘ਚ ਚਰਚਾ ਹੈ ਕਿ ਮੁੱਖ ਮੰਤਰੀ ਜੋ ਰਵਾਇਤੀ ਤੌਰ ‘ਤੇ ਪ੍ਰਧਾਨ ਮੰਤਰੀ ਦੀ ਆਮਦ ‘ਤੇ ਉਨ੍ਹਾਂ ਨੂੰ ਏਅਰਪੋਰਟ ‘ਤੇ ਜੀ ਆਇਆਂ ਕਹਿੰਦੇ ਹਨ, ਸ੍ਰੀ ਮੋਦੀ ਨੂੰ ਆਪਣੀ ਸਰਕਾਰ ਵਲੋਂ ਸੂਬੇ ਦੀਆਂ ਇਹ ਮੰਗਾਂ ਇਕ ਮੰਗ ਪੱਤਰ ਦੇ ਰੂਪ ‘ਚ ਪੇਸ਼ ਕਰ ਸਕਦੇ ਹਨ। ਭਾਜਪਾ ਹਲਕਿਆਂ ਨੇ ਵੀ ਸੰਪਰਕ ਕਰਨ ‘ਤੇ ਦੱਸਿਆ ਕਿ ਪ੍ਰਧਾਨ ਮੰਤਰੀ ਨਵੇਂ ਸਾਲ ਦੇ ਸ਼ੁਰੂ ‘ਚ ਪੰਜਾਬ ਆ ਰਹੇ ਹਨ, ਜਿੱਥੇ ਉਹ ਇਕ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨਗੇ ਅਤੇ ਉਸ ਸਮੇਂ ਤੱਕ ਭਾਜਪਾ ਨਾਲ ਗਠਜੋੜ ‘ਚ ਸ਼ਾਮਿਲ ਕੈਪਟਨ ਅਮਰਿੰਦਰ ਸਿੰਘ ਅਤੇ ਸ. ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀਆਂ ਨਾਲ ਟਿਕਟਾਂ ਦੀ ਵੰਡ ਸੰਬੰਧੀ ਸਮਝੌਤਾ ਹੋ ਜਾਣ ਦੀ ਸੰਭਾਵਨਾ ਵੀ ਹੈ। ਭਾਜਪਾ ਸੂਤਰਾਂ ਅਨੁਸਾਰ ਅੱਜ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਕੈਪਟਨ ਤੇ ਢੀਂਡਸਾ ਦੀ ਮੀਟਿੰਗ ‘ਚ ਫ਼ੈਸਲਾ ਹੋਇਆ ਹੈ ਕਿ ਤਿੰਨਾਂ ਪਾਰਟੀਆਂ ਦਰਮਿਆਨ ਟਿਕਟਾਂ ਦੀ ਵੰਡ ਸੰਬੰਧੀ ਫ਼ੈਸਲਾ ਅਗਲੇ ਤਿੰਨ ਦਿਨਾਂ ਦੌਰਾਨ ਲੈ ਲਿਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਆਪਣੀ ਪੰਜਾਬ ਫੇਰੀ ਨਾਲ ਸੂਬੇ ‘ਚ ਭਾਜਪਾ ਲਈ ਚੋਣ ਮੁਹਿੰਮ ਦੀ ਵੀ ਸ਼ੁਰੂਆਤ ਕਰ ਸਕਦੇ ਹਨ।

                                       …………………..…………………………Chief Editor Jasdeep Singh