ਨਗਰ ਨਿਗਮ ਚੋਣਾਂ ਨੂੰ ਲੈ ਕੇ ਕਈ ਵਾਰਡਾਂ ਵਿਚ ਸਿਆਸੀ ਆਗੂ ਹੋਣ ਲੱਗੇ ਸਰਗਰਮ

Punjab Junction Weekly Newspaper / 30 October 2022

ਜਲੰਧਰ,

ਇਸ ਵਾਰ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵੀ ਜ਼ਿਆਦਾ ਉਮੀਦਵਾਰਾਂ ਕਰਕੇ ਕਾਫੀ ਦਿਲਚਸਪ ਹੋਣ ਜਾ ਰਹੀਆਂ ਹਨ | ਮੌਜੂਦਾ ਨਗਰ ਨਿਗਮ ਦਾ ਕਾਰਜਕਾਲ ਜਨਵਰੀ 2023 ਵਿਚ ਪੂਰਾ ਹੋਣ ਜਾ ਰਿਹਾ ਹੈ ਜਿਸ ਨਾਲ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਤਾਂ ਕਈ ਆਗੂ ਤਾਂ ਹੁਣ ਤੋਂ ਹੀ ਸਰਗਰਮ ਹੋ ਗਏ ਹਨ | ਕਈ ਵਾਰਡਾਂ ਵਿਚ ਚੋਣ ਲੜਨ ਵਾਲੇ ਆਗੂਆਂ ਦੀਆਂ ਸਰਗਰਮੀਆਂ ਦੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਨੇ ਨਾ ਸਿਰਫ਼ ਲੋਕਾਂ ਨਾਲ ਸੰਪਰਕ ਵਧਾ ਦਿੱਤਾ ਹੈ ਸਗੋਂ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਵੀ ਨਿਗਮ ਤੋਂ ਪਹੁੰਚ ਕਰਕੇ ਉਨਾਂ ਦੇ ਮਸਲੇ ਹੱਲ ਕਰਵਾਉਣ ਦਾ ਯਤਨ ਤਾਂ ਕੀਤਾ ਜਾ ਰਿਹਾ ਹੈ ਪਰ ਕਈ ਜਗਾ ਤਾਂ ਅਜੇ ਵੀ ‘ਆਪ’ ਸਮੇਤ ਦੂਜੇ ਆਗੂਆਂ ਦੀ ਸੁਣਵਾਈ ਨਾ ਹੋਣ ਕਰਕੇ ਮਸਲੇ ਲਟਕੇ ਹੋਏ ਹਨ ਤੇ ਸ਼ਹਿਰ ਦੀਆਂ ਜ਼ਿਆਦਾਤਰ ਸਮੱਸਿਆਵਾਂ ਸਫ਼ਾਈ, ਕੂੜਾ, ਸਟਰੀਟ ਲਾਈਟਾਂ ਤੇ ਸੀਵਰੇਜ ਦੇ ਮਸਲਿਆਂ ਨੂੰ ਲੈ ਕੇ ਹੀ ਹਨ | ਪੰਜਾਬ ਵਿਚ ‘ਆਪ’ ਸਰਕਾਰ ਹੋਣ ਕਰਕੇ ਤਾਂ ਦੂਜੀਆਂ ਪਾਰਟੀਆਂ ਦੇ ਕਈ ਆਗੂਆਂ ਨੇ ਤਾਂ ਪਹਿਲਾਂ ਹੀ ‘ਆਪ’ ਦਾ ਝਾੜੂ ਫੜ ਲਿਆ ਸੀ ਪਰ ਦੂਜੇ ਪਾਸੇ ਤਾਂ ‘ਆਪ’ ਵਲੋਂ ਵੀ ਦੂਜੀਆਂ ਪਾਰਟੀਆਂ ਤੋਂ ਆਉਣ ਵਾਲੇ ਆਗੂਆਂ ਨੂੰ ਟਿਕਟਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ | ‘ਆਪ’ ਜਲੰਧਰ ਵਿਚ ਦੂਜੀ ਵਾਰ ਨਿਗਮ ਚੋਣ ਲੜਨ ਜਾ ਰਹੀ ਹੈ ਜਦਕਿ ਪਿਛਲੀ ਵਾਰ ਉਸ ਨੇ 45 ਦੇ ਕਰੀਬ ਵਾਰਡਾਂ ‘ਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ | ਚਾਹੇ ਪੰਜਾਬ ਵਿਚ ਆਪ ਦੀ ਸਰਕਾਰ ਹੈ ਪਰ ਉਸ ਲਈ ਵੀ ਨਿਗਮ ਚੋਣਾਂ ਆਸਾਨ ਨਹੀਂ ਹੋਣਗੀਆਂ | ਉਸ ਨੂੰ ਆਪਣਾ ਮੇਅਰ ਬਣਾਉਣ ਲਈ ਕਾਫੀ ਮਿਹਨਤ ਕਰਨੀ ਪੈ ਸਕਦੀ ਹੈ ਕਿਉਂਕਿ ਇਸ ਵਾਰ ਚੋਣ ਮੈਦਾਨ ਵਿਚ ਕਈ ਪਾਰਟੀਆਂ ਮੈਦਾਨ ਵਿਚ ਹੋਣਗੀਆਂ | ਕਦੇ ਇਕੱਠੇ ਲੜਦੀਆਂ ਅਕਾਲੀ-ਭਾਜਪਾ ਵਲੋਂ ਹੁਣ ਅਲੱਗ-ਅਲੱਗ ਚੋਣਾਂ ਲੜੀਆਂ ਜਾ ਜਾਣਗੀਆਂ | ਨਿਗਮ ਚੋਣਾਂ ਲਈ ਅਜੇ ਤੱਕ ਆਪ ਦੀ ਜ਼ਿਆਦਾ ਸਰਗਰਮੀ ਦੇਖੀ ਜਾ ਸਕਦੀ ਹੈ ਜਦਕਿ ਭਾਜਪਾ ਵਲੋਂ ਅਜੇ ਮੀਟਿੰਗਾਂ ਦਾ ਦੌਰ ਹੀ ਸ਼ੁਰੂ ਹੋਇਆ ਹੈ ਜਦਕਿ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਵੀ ਅਜੇ ਸਰਗਰਮ ਨਹੀਂ ਹੋਈ ਹੈ | ਇਸ ਵਾਰ ਕੁਝ ਮਹੀਨੇ ਬਾਅਦ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਕਾਫੀ ਰੋਚਕ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਇਸ ਵਾਰ ਵਾਰਡਾਂ ਵਿਚ ਵੀ ਸਿਆਸੀ ਪਾਰਟੀਆਂ ਦੇ ਜ਼ਿਆਦਾ ਹੋਣ ਕਰਕੇ ਉਮੀਦਵਾਰਾਂ ਦੀ ਗਿਣਤੀ ਵਿਚ ਵੀ ਵਾਧਾ ਹੋ ਸਕਦਾ ਹੈ | ਦੂਜੇ ਪਾਸੇ ਲੋਕਾਂ ਦੇ ਮਸਲੇ ਹੱਲ ਨਾ ਹੋਣ ਅਤੇ ਨਿਗਮ ਦੀ ਕਾਰਗੁਜ਼ਾਰੀ ਨੂੰ ਲੈ ਕੇ ਸ਼ਹਿਰੀਆਂ ਦੀ ਨਾਰਾਜ਼ਗੀ ਨੂੰ ਦੂਰ ਨਾ ਕੀਤਾ ਗਿਆ ਤਾਂ ‘ਆਪ’ ਲਈ ਆਉਣ ਵਾਲੀਆਂ ਨਿਗਮ ਚੋਣਾਂ ਆਸਾਨ ਨਹੀਂ ਹੋਣਗੀਆਂ | ਚੇਤੇ ਰਹੇ ਕਿ ਇਸ ਵਾਰ 85 ਵਾਰਡਾਂ ਦੀ ਚੋਣਾਂ ਕਰਵਾਈਆਂ ਜਾਣਗੀਆਂ ਕਿਉਂਕਿ ਸਰਕਾਰ ਨੇ 80 ਤੋਂ ਵਾਰਡਾਂ ਦੀ ਗਿਣਤੀ 85 ਕਰ ਦਿੱਤੀ ਹੈ | ਕੈਂਟ ਦੇ ਨਵੇਂ 12 ਪਿੰਡਾਂ ਨੂੰ ਸ਼ਾਮਿਲ ਕਰਨ ਨਾਲ ਵਾਰਡਾਂ ਦੀ ਗਿਣਤੀ ਵਧਣ ਜਾ ਰਹੀ ਹੈ |

Chief Editor- Jasdeep Singh  (National Award Winner)