Punjab Junction Newspaper | 27 January 2022
ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ,
ਦੇਸ਼ ਦੇ ਨਾਗਰਿਕਾਂ ਨੂੰ ਇਸ ਵਾਰ ਗਣਤੰਤਰ ਦਿਵਸ ‘ਭਾਰਤੀਅਤਾ’ (ਇੰਡੀਅਨਨੈੱਸ) ਨਾਲ ਮਨਾਉਣ ਦੀ ਅਪੀਲ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿਦ ਨੇ ਕਿਹਾ ਕਿ ਦੇਸ਼ ਭਗਤੀ ਨਾਗਰਿਕਾਂ ‘ਚ ਫ਼ਰਜ਼ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ | ਉਨ੍ਹਾਂ ਕਿਹਾ ਕਿ ਭਾਵੇਂ ਤੁਸੀਂ ਡਾਕਟਰ, ਦੁਕਾਨਦਾਰ, ਦਫ਼ਤਰੀ ਕਰਮਚਾਰੀ, ਸਫ਼ਾਈ ਕਰਮੀ ਜਾਂ ਮਜ਼ਦੂਰ ਹੋ, ਆਪਣੀ ਡਿਊਟੀ ਚੰਗੀ ਤਰ੍ਹਾਂ ਅਤੇ ਕੁਸ਼ਲਤਾ ਨਾਲ ਨਿਭਾਉਣਾ ਰਾਸ਼ਟਰ ਲਈ ਸਭ ਤੋਂ ਪਹਿਲਾਂ ਅਤੇ ਅਹਿਮ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਦੇਸ਼ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੁਆਰਾ ਮਨੁੱਖੀ ਜਾਤੀ ਲਈ ਪੈਦਾ ਹੋਈ ਅਸਾਧਰਨ ਚੁਣੌਤੀ ਦੇ ਸਾਹਮਣੇ ਇਕ ਬੇਮਿਸਾਲ ਸੰਕਲਪ ਵਿਖਾਇਆ ਹੈ ਅਤੇ ਹੁਣ ਇਕ ਮਜ਼ਬੂਤ ਤੇ ਸੰਵੇਦਨਸ਼ੀਲ ਭਾਰਤ ਉੱਭਰ ਰਿਹਾ ਹੈ | 73ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਲੋਕਤੰਤਰ, ਨਿਆ, ਆਜ਼ਾਦੀ, ਸਮਾਨਤਾ ਅਤੇ ਭਾਈਚਾਰਾ ਭਾਰਤ ਦੀ ਨੀਂਹ ਹੈ | ਉਨ੍ਹਾਂ ਕਿਹਾ ਕਿ ਮਹਾਂਮਾਰੀ ਕਾਰਨ ਭਾਵੇਂ ਇਸ ਸਾਲ ਗਣਤੰਤਰ ਦਿਵਸ ਜਸ਼ਨਾਂ ਦੀ ਧੂਮਧਾਮ ਘੱਟ ਹੋ ਸਕਦੀ ਹੈ ਪਰ ਭਾਵਨਾ ਪਹਿਲਾਂ ਵਾਂਗ ਮਜ਼ਬੂਤ ਹੈ | ਉਨ੍ਹਾਂ ਕੋਰੋਨਾ ਮਹਾਂਮਾਰੀ ਦਾ ਡਟ ਕੇ ਸਾਹਮਣਾ ਕਰਨ ਅਤੇ ਦੇਸ਼ ‘ਚ ਕੋਵਿਡ ਟੀਕਾਕਰਨ ਮੁਹਿੰਮ ਦੀ ਸਫਲਤਾ ਲਈ ਡਾਕਟਰਾਂ, ਨਰਸਾਂ, ਨੀਤੀ ਨਿਰਮਾਤਾਵਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਨਿਰਮਾਣ ਖੇਤਰਾਂ ‘ਚ ਸੁਧਾਰ ਦੇ ਕਾਰਨ ਪ੍ਰਭਾਵਸ਼ਾਲੀ ਆਰਥਿਕ ਪ੍ਰਦਰਸ਼ਨ ਸੰਭਵ ਹੋਇਆ ਹੈ | ਰਾਸ਼ਟਰਪਤੀ ਨੇ ਸਰਹੱਦਾਂ ਦੀ ਸੁਰੱਖਿਆ ਕਰਨ ਵਾਲੇ ਹਥਿਆਰਬੰਦ ਬਲਾਂ ਅਤੇ ਦੇਸ਼ ਅੰਦਰ ਅੰਦਰੂਨੀ ਸੁਰੱਖਿਆ ਨੂੰ ਕਾਇਮ ਰੱਖਣ ਵਾਲੇ ਪੁਲਿਸ ਕਰਮੀਆਂ ਦੀ ਲਗਾਤਾਰ ਚੌਕਸੀ ਲਈ ਧੰਨਵਾਦ ਕੀਤਾ |