ਦੇਸ਼ ਭਰ ‘ਚ ਅੱਜ 15 ਤੋਂ 18 ਸਾਲ ਦੇ ਉਮਰ ਵਰਗ ਲਈ ਕੋਵਿਡ-19 ਖ਼ਿਲਾਫ਼ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ

Punjab Junction Newspaper | 04 January 2022

ਨਵੀਂ ਦਿੱਲੀ, – ਦੇਸ਼ ਭਰ ‘ਚ ਅੱਜ 15 ਤੋਂ 18 ਸਾਲ ਦੇ ਉਮਰ ਵਰਗ ਲਈ ਕੋਵਿਡ-19 ਖ਼ਿਲਾਫ਼ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ ਤੇ ਪਹਿਲੇ ਦਿਨ 41 ਲੱਖ ਤੋਂ ਵੱਧ ਬੱਚਿਆਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਗਾਈ ਗਈ। ਕੋਰੋਨਾ ਵੈਕਸੀਨੇਸ਼ਨ ਦੀ ਇਹ ਮੁਹਿੰਮ ਉਸ ਵੇਲੇ ਸ਼ੁਰੂ ਹੋਈ ਹੈ ਜਦੋਂ ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਨਵਾਂ ਸਰੂਪ ਓਮੀਕਰੋਨ ਤੇਜ਼ੀ ਨਾਲ ਫੈਲ ਰਿਹਾ ਹੈ। ਦਿੱਲੀ, ਜਿਥੇ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ‘ਚ ਰਿਕਾਰਡ ਵਾਧਾ ਹੋਇਆ ਹੈ, ਦੇ ਫੋਰਟਿਸ ਹਸਪਤਾਲ, ਸਰ ਗੰਗਾ ਰਾਮ ਹਸਪਤਾਲ ਤੇ ਹੋਰ ਥਾਵਾਂ ‘ਤੇ ਬਣੇ ਟੀਕਾਕਰਨ ਕੇਂਦਰਾਂ ‘ਚ ਛੋਟੀ ਉਮਰ ਦੀ ਆਬਾਦੀ ਨੂੰ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ। 27 ਦਸੰਬਰ ਨੂੰ ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਇਸ ਉਮਰ ਦੇ ਬੱਚਿਆਂ ਨੂੰ ‘ਕੋਵੈਕਸਿਨ’ ਦੇ ਟੀਕੇ ਲਗਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਡੀ.ਜੀ.ਸੀ.ਆਈ. ਨੇ 24 ਦਸੰਬਰ ਨੂੰ ਸਵਦੇਸ਼ੀ ਦਵਾਈ ਕੰਪਨੀ ਭਾਰਤ-ਬਾਇਓਟੈਕ ਦੀ ਵੈਕਸੀਨ ‘ਕੋਵੈਕਸਿਨ’ ਨੂੰ ਕੁਝ ਨਿਸ਼ਚਿਤ ਸ਼ਰਤਾਂ ਨਾਲ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਹੰਗਾਮੀ ਹਾਲਤ ‘ਚ ਲਗਾਉਣ ਦੀ ਮਨਜ਼ੂਰੀ ਦਿੱਤੀ ਸੀ। ਇਸ ਉਮਰ ਵਰਗ ਦੀ ਟੀਕਾਕਰਨ ਮੁਹਿੰਮ ਲਈ ਕੋਵਿਨ ਐਪਲੀਕੇਸ਼ਨ ‘ਤੇ ਸੋਮਵਾਰ ਸ਼ਾਮ ਤੱਕ 51 ਲੱਖ ਤੋਂ ਵੱਧ ਬੱਚਿਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਜਦਕਿ ਇਕ ਅੰਦਾਜ਼ੇ ਮੁਤਾਬਿਕ ਦੇਸ਼ ਭਰ ‘ਚ ਇਸ ਉਮਰ ਵਰਗ ‘ਚ 7.4 ਕਰੋੜ ਬੱਚੇ ਹਨ। ਅੱਜ ਪਹਿਲੇ ਦਿਨ 40 ਲੱਖ ਤੋਂ ਵੱਧ ਬੱਚਿਆਂ ਨੂੰ ਕੋਰੋਨਾ ਰੋਕੂ ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ। ਟੀਕਾ ਲਗਵਾਉਣ ਵਾਲੇ ਬੱਚਿਆਂ ਦੇ ਮਾਪਿਆਂ ਨੇ ਸਰਕਾਰ ਵਲੋਂ ਇਸ ਉਮਰ ਵਰਗ ਲਈ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ‘ਤੇ ਸੁੱਖ ਦਾ ਸਾਹ ਲਿਆ ਹੈ।

                                                                              …………Chief Editor Jasdeep Singh