ਚੰਨੀ ਦੇ ਰਿਸ਼ਤੇਦਾਰਾਂ ‘ਤੇ ਈ.ਡੀ. ਦੀ ਛਾਪੇਮਾਰੀ ਖ਼ਿਲਾਫ਼ ਕਾਂਗਰਸ ਨੇ ਚੋਣ ਕਮਿਸ਼ਨ ਦਾ ਦਖ਼ਲ ਮੰਗਿਆ

Punjab Junction Newspaper | 21 January 2022

ਨਵੀਂ ਦਿੱਲੀ,

– ਕਾਂਗਰਸ ਨੇ ਵੀਰਵਾਰ ਨੂੰ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ‘ਤੇ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੀ ਛਾਪੇਮਾਰੀ ਖ਼ਿਲਾਫ਼ ਚੋਣ ਕਮਿਸ਼ਨ ਦੇ ਦਖਲ ਦੀ ਮੰਗ ਕੀਤੀ ਅਤੇ ਦੋਸ਼ ਲਗਾਇਆ ਕਿ ਇਹ ਕਾਰਵਾਈ ਸਿਆਸੀ ਬਦਲਾਖੋਰੀ, ਮੁੱਖ ਮੰਤਰੀ ਅਤੇ ਪਾਰਟੀ ਦਾ ਅਕਸ ਖਰਾਬ ਕਰਨ ਲਈ ਕੀਤੀ ਗਈ | ਕਾਂਗਰਸ ਦਾ ਇਕ ਵਫ਼ਦ ਵਰਚੂਅਲੀ ਤੌਰ ‘ਤੇ ਚੋਣ ਕਮਿਸ਼ਨ ਨੂੰ ਮਿਲਿਆ ਅਤੇ ਉਸ ਨੂੰ ਮੰਗ ਪੱਤਰ ਦਿੰਦਿਆਂ ਦੋਸ਼ ਲਗਾਇਆ ਕਿ ਇਹ ਛਾਪੇਮਾਰੀ 20 ਫਰਵਰੀ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਧਾਰਨਾ ਬਣਾਉਣ ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਗਈ ਹੈ | ਵਫ਼ਦ ‘ਚ ਸ਼ਾਮਿਲ ਰਣਦੀਪ ਸਿੰਘ ਸੂਰਜੇਵਾਲਾ, ਅਭਿਸ਼ੇਕ ਮਨੂ ਸਿੰਘਵੀ, ਹਰੀਸ਼ ਚੌਧਰੀ, ਦੇਵੇਂਦਰ ਯਾਦਵ, ਗਣੇਸ਼ ਗੋਡਿਆਲ, ਪ੍ਰਣਵ ਝਾਅ, ਅਮਨ ਪੰਵਾਰ ਨੇ ਵੀ ਮੁੱਖ ਚੋਣ ਕਮਿਸ਼ਨਰ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਅਤੇ ਉਤਰਾਖੰਡ ‘ਚ ਸੱਤਾਧਾਰੀ ਭਾਜਪਾ ਦੁਆਰਾ ਕਥਿਤ ਸਰਕਾਰੀ ਰਿਕਾਰਡ ‘ਚ ਛੇੜਛਾੜ ਕਰਨ ਬਾਰੇ ਯਾਦ ਕਰਵਾਇਆ |

                                                                    …………Chief Editor Jasdeep Singh