Punjab Junction Newspaper | 23 January 2022
ਚੰਡੀਗੜ੍ਹ,
ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੂੰ ਖ਼ਾਸ ਸੂਚਨਾ ਮਿਲੀ ਸੀ ਕਿ ਪੰਜਾਬ ‘ਚ ਚੰਨੀ ਸਮੇਤ ਕਈ ਹੋਰ ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ਦੀ ਰੇਤ ਮਾਫ਼ੀਆ ‘ਚ ਸ਼ਮੂਲੀਅਤ ਹੈ, ਜਿਸ ਸੰਬੰਧੀ ਉਨ੍ਹਾਂ ਸੋਨੀਆ ਗਾਂਧੀ ਨੂੰ ਦੱਸਿਆ ਸੀ। ਉਨ੍ਹਾਂ ਮੈਨੂੰ ਪੁੱਛਿਆ ਕਿ ਮੈਂ ਇਸ ਮਾਮਲੇ ‘ਚ ਕੀ ਕਾਰਵਾਈ ਕਰ ਰਿਹਾ ਹਾਂ ਅਤੇ ਮੈਂ ਜਵਾਬ ਦਿੱਤਾ ਸੀ ਕਿ ਮੈਨੂੰ ਸਿਖਰ ਤੋਂ ਸ਼ੁਰੂਆਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪੂਰੇ ਕਾਰਜਕਾਲ ਦੌਰਾਨ ਇੱਕੋ-ਇੱਕ ਗ਼ਲਤੀ ਕੀਤੀ ਹੈ ਕਿ ਮੈਂ ਕਾਂਗਰਸ ਪ੍ਰਤੀ ਆਪਣੀ ਵਫ਼ਾਦਾਰੀ ਦੀ ਭਾਵਨਾ ਦੇ ਮੱਦੇਨਜ਼ਰ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ ਮੈਨੂੰ ਸੋਨੀਆ ਗਾਂਧੀ ਤੋਂ ਕੋਈ ਮਨਜ਼ੂਰੀ ਨਹੀਂ ਮਿਲੀ। ਕੈਪਟਨ ਨੇ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੱਧੂ ਨੂੰ ਪੂਰੀ ਤਰ੍ਹਾਂ ਬੇਕਾਰ ਦੱਸਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਇਨ੍ਹਾਂ ਲੋਕਾਂ ‘ਚ ਕੀ ਦੇਖਿਆ। ਉਨ੍ਹਾਂ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਅਜਿਹੇ ਵਿਅਕਤੀਆਂ ਲਈ ਉਨ੍ਹਾਂ ਨੂੰ ਪਾਸੇ ਕਰਨ ਦਾ ਕਾਂਗਰਸ ਦਾ ਫ਼ੈਸਲਾ ਸਮਝ ਤੋਂ ਬਾਹਰ ਹੈ। ਇਕ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕੈਪਟਨ ਅਮਰਿੰਦਰ ਨੇ ਚੰਨੀ ਦੇ ‘ਮੀ ਟੂ’ ਮਾਮਲੇ ਬਾਰੇ ਕਿਹਾ ਕਿ ਜੇਕਰ ਸੰਬੰਧਿਤ ਮਹਿਲਾ ਇਸ ਕੇਸ ਦੀ ਪੈਰਵੀ ਕਰਨਾ ਚਾਹੁੰਦੀ ਹੁੰਦੀ ਤਾਂ ਮੈਂ ਚੰਨੀ ਵਿਰੁੱਧ ਕਾਰਵਾਈ ਕਰ ਸਕਦਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਉਨ੍ਹਾਂ ਦੀ ਇੱਕੋ-ਇੱਕ ਭੂਮਿਕਾ ਚੰਨੀ ਨੂੰ ਮਹਿਲਾ ਅਧਿਕਾਰੀ ਤੋਂ ਮੁਆਫ਼ੀ ਮੰਗਣ ਲਈ ਕਹਿਣਾ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਨੇ ਸਪੱਸ਼ਟ ਕੀਤਾ ਕਿ ਉਹ ਇੱਕ ਵਾਰ ਫਿਰ ਆਪਣੇ ਘਰੇਲੂ ਹਲਕੇ ਪਟਿਆਲਾ ਤੋਂ ਚੋਣ ਲੜਨਗੇ। ਕੈਪਟਨ ਅਮਰਿੰਦਰ ਨੇ ਸਿੱਧੂ ਦਾ ਜ਼ਿਕਰ ਕਰਦੇ ਹੋਏ ਪੁੱਛਿਆ, ਜਿਹੜਾ ਮਨੁੱਖ ਸਵੇਰੇ-ਸ਼ਾਮ ਇੱਕ ਘੰਟਾ ਰੱਬ ਨਾਲ ਗੱਲ ਕਰਨ ਦਾ ਦਾਅਵਾ ਕਰਦਾ ਹੈ, ਉਹ ਸਥਿਰ ਕਿਵੇਂ ਹੋ ਸਕਦਾ ਹੈ? ‘ਆਪ’ ਵਲੋਂ ਮੁੱਖ ਮੰਤਰੀ ਦੇ ਦਾਅਵੇਦਾਰ ਭਗਵੰਤ ਮਾਨ ਲਈ ਪੰਜਾਬ ਲੋਕ ਕਾਂਗਰਸ (ਪੀ.ਐੱਲ.ਸੀ.) ਮੁਖੀ ਨੇ ਉਨ੍ਹਾਂ ਨੂੰ ਇੱਕ ਹਲਕਾ-ਫੁਲਕਾ ਕਾਮੇਡੀਅਨ ਕਿਹਾ, ਜਿਸ ਦੀ ਪਾਕਿਸਤਾਨ ਨਾਲ ਲਗਦੀ 600 ਕਿਲੋਮੀਟਰ ਲੰਬੀ ਸਰਹੱਦ ਵਾਲੇ ਪੰਜਾਬ ਨੂੰ ਨਿਸ਼ਚਿਤ ਤੌਰ ‘ਤੇ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਸਰਵੇਖਣਾਂ ਨੂੰ ਰੱਦ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਅਤੇ ਅਰਵਿੰਦ ਕੇਜਰੀਵਾਲ ਦੀਆਂ ਹਰਕਤਾਂ ਤੋਂ ਮੂਰਖ ਨਹੀਂ ਬਣਨਗੇ, ਜਿਵੇਂ ਕਿ ਉਹ 2017 ‘ਚ ਵੀ ਧੋਖੇ ‘ਚ ਨਹੀਂ ਆਏ ਸਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲਾਂ ਅਤੇ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ, ਜੋ 2015 ਦੇ ਬੇਅਦਬੀ ਮਾਮਲਿਆਂ ਦੇ ਨਾਲ-ਨਾਲ ਪੰਜਾਬ ਦੇ ਡਰੱਗ ਅਤੇ ਮਾਫ਼ੀਆ ਦੇ ਸੰਕਟ ਲਈ ਜ਼ਿੰਮੇਵਾਰ ਸਨ, ਵੀ ਸੂਬੇ ਲਈ ਢੁਕਵੇਂ ਨਹੀਂ ਹਨ। ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਜਾਂ ‘ਆਪ’ ਨਾਲ ਕਿਸੇ ਵੀ ਚੋਣਾਂ ਤੋਂ ਪਹਿਲਾਂ ਦੇ ਗੱਠਜੋੜ ਤੋਂ ਇਨਕਾਰ ਕਰਦਿਆਂ ਕਿਹਾ ਕਿ ਪੀ.ਐੱਲ.ਸੀ. ਦਾ ਭਾਜਪਾ ਅਤੇ ਅਕਾਲੀ ਦਲ (ਸੰਯੁਕਤ) ਨਾਲ ਸਪੱਸ਼ਟ ਗੱਠਜੋੜ ਹੈ, ਜੋ ਯਕੀਨੀ ਤੌਰ ‘ਤੇ ਚੋਣਾਂ ਜਿੱਤੇਗਾ।
…………Chief Editor Jasdeep Singh