Punjab Junction Newspaper | 02 FEBRUARY 2022
ਪਟਿਆਲਾ,
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪਟਿਆਲਾ ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਰਾਮ ਲੀਲ੍ਹਾ ਮੈਦਾਨ ਰਾਘੋਮਾਜਰਾ ਵਿਖੇ ਇਕ ਚੋਣ ਬੈਠਕ ਨੂੰ ਸੰਬੋਧਨ ਕੀਤਾ | ਇਸ ਮੌਕੇ ਉਨ੍ਹਾਂ ਆਖਿਆ ਕਿ ਸਰਕਾਰ ‘ਚ ਹੁੰਦਿਆਂ ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ 1800 ਕਰੋੜ ਰੁਪਏ ਜਾਰੀ ਕੀਤੇ ਸਨ, ਜਿਸ ਨਾਲ 62 ਦੇ ਕਰੀਬ ਪ੍ਰਾਜੈਕਟਾਂ ‘ਤੇ ਕੰਮ ਚੱਲ ਰਿਹਾ ਹੈ | ਉਨ੍ਹਾਂ ਲੋਕਾਂ ਨੰੂ ਅਪੀਲ ਕੀਤੀ ਕਿ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਸੂਬੇ ‘ਚ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਭਾਈਵਾਲੀ ਵਾਲੀ ਸਰਕਾਰ ਬਣ ਸਕੇ | ਕੈਪਟਨ ਨੇ ਕਾਂਗਰਸ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਕੁਝ ਸਮੇਂ ‘ਚ ਹੀ ਕਾਂਗਰਸ ਨੇ ਸੂਬੇ ਦੀ ਆਰਥਿਕ ਸਥਿਤੀ ਨੂੰ ਡਾਵਾਂਡੋਲ ਕਰ ਦਿੱਤਾ ਹੈ ਅਤੇ ਪੰਜਾਬ ਅੱਜ ਅਜਿਹੇ ਮੋੜ ‘ਤੇ ਖੜ੍ਹਾ ਹੈ ਜੇਕਰ ਕੇਂਦਰ ਸਰਕਾਰ ਸਾਡੀ ਸਹਾਇਤਾ ਨਹੀਂ ਕਰਦੀ ਤਾਂ ਪੰਜਾਬ ਚੱਲ ਨਹੀਂ ਸਕਦਾ | ਅੱਜ ਕੇਂਦਰ ‘ਚ ਭਾਜਪਾ ਦੀ ਹਕੂਮਤ ਹੈ ਅਤੇ 2 ਸਾਲ ਬਾਅਦ ਹੋਣ ਵਾਲੀਆਂ ਚੋਣਾਂ ‘ਚ ਵੀ ਨਰਿੰਦਰ ਮੋਦੀ ਦੀ ਸਰਕਾਰ ਬਣੇਗੀ, ਇਸ ਲਈ ਜ਼ਰੂਰੀ ਹੈ ਕਿ ਦਿੱਲੀ ਦੀ ਹਕੂਮਤ ਸਾਡੇ ਨਾਲ ਹੋਵੇ ਤਾਂ ਅਸੀਂ ਉਨ੍ਹਾਂ ਤੋਂ ਆਪਣੇ ਸੂਬੇ ਦੇ ਵਿਕਾਸ ਲਈ ਫ਼ੰਡ ਜਾਰੀ ਕਰਵਾ ਸਕੀਏ | ਇਸ ਮੌਕੇ ਉਨ੍ਹਾਂ ਨਾਲ ਬੀਬਾ ਜੈਇੰਦਰ ਕੌਰ ਪੀ.ਐਲ.ਸੀ. ਦੇ ਮੀਤ ਪ੍ਰਧਾਨ ਕੇ.ਕ.ੇ ਮਲਹੋਤਰਾ, ਹਰਿੰਦਰ ਕੋਹਲੀ, ਮੇਅਰ ਸੰਜੀਵ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਆਗੂ ਹਾਜ਼ਰ ਸਨ | ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਚੋਣ ਬੈਠਕ ਤੋਂ ਪਹਿਲਾਂ ਭਾਵੇਂ ਲੋਕਾਂ ‘ਚ ਮੀਟਿੰਗ ਪ੍ਰਤੀ ਉਤਸ਼ਾਹ ਸੀ ਪਰ ਜਦੋਂ ਹੀ ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ ਤਾਂ ਪੰਡਾਲ ‘ਚ ਪਈਆਂ ਕੁਰਸੀਆਂ ਖਾਲੀ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਪੰਡਾਲ ਪਿਛਲੇ ਪਾਸੇ ਤੋਂ ਖਾਲੀ ਹੋ ਗਿਆ | ਭਾਵੇਂ ਕਿ ਬੈਠਕ ‘ਚ ਸਥਾਨਕ ਲੋਕ ਵੀ ਸਨ ਪਰ ਬਹੁਤ ਅਜਿਹੇ ਵੀ ਸਨ ਜਿਨ੍ਹਾਂ ਨੂੰ ਬੈਠਕ ਦੇ ਮਕਸਦ ਦੀ ਪੂਰੀ ਜਾਣਕਾਰੀ ਨਹੀਂ ਸੀ |