ਓਮੀਕਰੋਨ ਮਾਮਲਿਆਂ ਦੀ ਗਿਣਤੀ 1200 ਤੱਕ ਪੁੱਜੀ

Punjab Junction Newspaper | 01 January 2022

ਮੁੰਬਈ/ਪਣਜੀ, -ਦੇਸ਼ ‘ਚ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ ਲਗਪਗ 1200 ਤੱਕ ਪੁੱਜ ਗਈ ਹੈ। ਮਹਾਰਾਸ਼ਟਰ ‘ਚ ਇਕੋ ਦਿਨ ਓਮੀਕਰੋਨ ਦੇ 198 ਕੇਸ ਸਾਹਮਣੇ ਆਏ, ਇਕੱਲੇ ਮੁੰਬਈ ‘ਚ ਹੀ 190 ਕੇਸ ਦਰਜ ਕੀਤੇ ਗਏ। ਸੂਬੇ ਦੇ ਸਿਹਤ ਵਿਭਾਗ ਅਨੁਸਾਰ ਸੂਬੇ ‘ਚ ਕੁੱਲ ਓਮੀਕਰੋਨ ਮਾਮਲਿਆਂ ਦੀ ਗਿਣਤੀ 450 ਤੱਕ ਪੁੱਜ ਗਈ ਹੈ। ਦਿੱਲੀ ‘ਚ ਓਮੀਕਰੋਨ ਦੇ 263, ਗੁਜਰਾਤ ‘ਚ 97, ਰਾਜਸਥਾਨ ‘ਚ 69, ਕੇਰਲਾ ‘ਚ 65 ਤੇ ਤੇਲੰਗਾਨਾ ‘ਚ 62 ਮਾਮਲੇ ਦਰਜ ਕੀਤੇ ਗਏ ਹਨ। ਹੁਣ ਤੱਕ 22 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਓਮੀਕਰੋਨ ਆਪਣੇ ਪੈਰ ਪਸਾਰ ਚੁੱਕਾ ਹੈ। ਦੂਜੇ ਪਾਸੇ ਕੋਰੋਨਾ ਦੇ ਮਾਮਲਿਆਂ ‘ਚ ਰੋਜ਼ਾਨਾ ਵਾਧਾ ਲਗਪਗ 49 ਦਿਨਾਂ ਬਾਅਦ 13 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਿਆ। ਰਾਜਾਂ ਨੇ ਕੋਰੋਨਾ ਮਾਮਲਿਆਂ ‘ਚ ਵਾਧੇ ਨਾਲ ਨਜਿੱਠਣ ਲਈ ਉਪਾਅ ਹੋਰ ਸਖ਼ਤ ਕਰ ਦਿੱਤੇ ਹਨ। ਗੋਆ ਸਰਕਾਰ ਨੇ ਸਾਰੇ ਕੌਮਾਂਤਰੀ ਯਾਤਰੀਆਂ ਦਾ ਕੋਵਿਡ ਟੈਸਟ ਕਰਨ ਦਾ ਫ਼ੈਸਲਾ ਕੀਤਾ ਹੈ। ਪੱਛਮੀ ਬੰਗਾਲ ਸਰਕਾਰ ਨੇ ਯੂ.ਕੇ. ਅਤੇ ਉੱਚ ਜੋਖ਼ਮ ਵਾਲੇ ਸਾਰੇ ਦੇਸ਼ਾਂ ਤੋਂ ਸਿੱਧੀਆਂ ਉਡਾਣਾਂ 3 ਜਨਵਰੀ ਤੱਕ ਮੁਅੱਤਲ ਕਰ ਦਿੱਤੀਆਂ ਹਨ।
‘ਬੂਸਟਰ ਡੋਜ਼’ ਲਈ ਵੈਕਸੀਨ ਬਾਰੇ ਫ਼ੈਸਲਾ ਜਲਦੀ-ਸਰਕਾਰ
ਸਰਕਾਰ ਨੇ ਦੱਸਿਆ ਕਿ ਇਸ ਗੱਲ ‘ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਕਿ ਸਿਹਤ ਸੰਭਾਲ ਅਤੇ ਮੋਹਰਲੀ ਕਤਾਰ ਦੇ ਕਰਮਚਾਰੀਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ ‘ਬੂਸਟਰ ਡੋਜ਼’ (ਤੀਜੇ ਟੀਕੇ) ਵਜੋਂ ਕਿਹੜੀ ਵੈਕਸੀਨ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸ ਬਾਰੇ ਫੈਸਲਾ ਜਲਦੀ ਲਿਆ ਜਾਵੇਗਾ।

                                                                        ………………Chief Editor Jasdeep Singh