ਐਮ.ਐਸ.ਪੀ. ਤਹਿਤ ਕਣਕ, ਝੋਨੇ ਦੀ ਖ਼ਰੀਦ ਲਈ 2.37 ਲੱਖ ਕਰੋੜ

Punjab Junction Newspaper | 02 FEBRUARY 2022

ਨਵੀਂ ਦਿੱਲੀ,

ਤਿੰਨੇ ਵਿਵਾਦਿਤ ਖੇਤੀ ਕਾਨੂੰਨਾਂ ਦੇ ਰੱਦ ਕਰਨ ਤੋਂ ਬਾਅਦ ਪੇਸ਼ ਕੀਤੇ ਪਹਿਲੇ ਬਜਟ ‘ਚ ਸਰਕਾਰ ਨੇ ਕਿਸਾਨਾਂ ਲਈ ਅਹਿਮ ਐਲਾਨ ਕਰਦਿਆਂ ਕਿਹਾ ਕਿ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਹੁਣ ਤੋਂ ਸਿੱਧੇ ਕਿਸਾਨਾਂ ਦੇ ਖਾਤੇ ‘ਚ ਆਏਗਾ | ਕਿਸਾਨਾਂ ਦੇ ਖਾਤਿਆਂ ‘ਚ ਫਸਲਾਂ ਦੀ ਸਿੱਧੀ ਅਦਾਇਗੀ ਨੂੰ ਖੇਤੀ ਸੁਧਾਰਾਂ ਦੀ ਕਵਾਇਦ ਵਜੋਂ ਵੀ ਵੇਖਿਆ ਜਾ ਰਿਹਾ ਹੈ | ਹਾਲਾਂਕਿ ਫੌਰੀ ਰਾਹਤ ਵਜੋਂ ਪੀ.ਐਮ. ਸਨਮਾਨ ਨਿਧੀ ਦੀ ਸਾਲਾਨਾ ਰਕਮ ਨੂੰ 6000 ਤੋਂ ਵਧਾਉਣ ਦੀ ਉਮੀਦ ਸਜਾਏ ਬੈਠੇ ਕਿਸਾਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ | ਮੋਦੀ ਸਰਕਾਰ ਵਲੋਂ ਪੇਸ਼ ਕੀਤੇ ਇਸ ਬਜਟ ਨੂੰ ਅਗਲੇ 25 ਸਾਲਾਂ ਦੀ ਬੁਨਿਆਦ ਦੱਸਦਿਆਂ ਕਿਹਾ ਗਿਆ ਕਿ ਇਹ ਬਜਟ ਸਰਕਾਰ ਦੇ ਸੰਕਲਪ, ਮਜ਼ਬੂਤੀ ਤੇ ਚੁਣੌਤੀਆਂ ਨੂੰ ਦਰਸਾਉਂਦਾ ਹੈ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਨ ਨੂੰ ਹੁਣ ਤੱਕ ਦੇ ਬਜਟ ਭਾਸ਼ਨਾਂ ਚੋਂ ਸਭ ਤੋਂ ਸੰਖੇਪ ਰੱਖਦਿਆਂ ਸਿਰਫ ਡੇਢ ਘੰਟੇ ‘ਚ ਖਤਮ ਕਰ ਦਿੱਤਾ | ਸੀਤਾਰਮਨ ਨੇ ਅਰਥਵਿਵਸਥਾ ਦੀ ਮੁੜ ਸੁਰਜੀਤੀ ਪ੍ਰਤੀ ਹਾਂਪੱਖੀ ਨਜ਼ਰੀਆ ਅਪਣਾਉਂਦਿਆਂ ਵਿਕਾਸ ਦਰ 9.2 ਫ਼ੀਸਦੀ ਰਹਿਣ ਦਾ ਅਨੁਮਾਨ ਪ੍ਰਗਟਾਇਆ | ਕੋਰੋਨਾ ਕਾਲ ‘ਚ ਪੇਸ਼ ਕੀਤੇ ਗਏ ਦੂਜੇ ਬਜਟ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਤਕਰੀਬਨ ਹਰ ਖ਼ੇਤਰ ‘ਚ ਡਿਜੀਟਲਾਈਜ਼ੇਸ਼ਨ ਨੂੰ ਮੋਹਰੀ ਰੱਖਦਿਆਂ ਕਈ ਐਲਾਨ ਕੀਤੇ, ਜਿਨ੍ਹਾਂ ‘ਚ ਸਿੱਖਿਆ, ਖੇਤੀਬਾੜੀ, ਸਿਹਤ ਆਦਿ ਖ਼ੇਤਰ ਸ਼ਾਮਿਲ ਹਨ |
ਲਿਆਂਦੀ ਜਾਵੇਗੀ ਡਿਜੀਟਲ ਕਰੰਸੀ
ਡਿਜ਼ੀਟਲਾਈਜ਼ੇਸ਼ਨ ਨੂੰ ਹੁਲਾਰਾ ਦੇਣ ਵਾਲੇ ਸਭ ਤੋਂ ਅਹਿਮ ਐਲਾਨਾਂ ‘ਚ ਸਰਕਾਰ ਵਲੋਂ ਲਿਆਂਦੀ ਜਾ ਰਹੀ ਡਿਜੀਟਲ ਕਰੰਸੀ ਦਾ ਐਲਾਨ ਸ਼ਾਮਿਲ ਹੈ | ਕਿ੍ਪਟੋ ਕਰੰਸੀ ਦੀ ਤਰਜ਼ ‘ਤੇ ਲਿਆਂਦੀ ਜਾ ਰਹੀ ਇਹ ‘ਸਰਕਾਰੀ’ ਡਿਜੀਟਲ ਕਰੰਸੀ, ਜਿਸ ਨੂੰ ਭਾਰਤੀ ਰਿਜ਼ਰਵ ਬੈਂਕ ਜਾਰੀ ਕਰੇਗਾ, ਬਲਾਕ ਚੇਨ ਤਕਨਾਲੋਜੀ ‘ਤੇ ਆਧਾਰਿਤ ਹੋਏਗੀ | ਇਸ ਤੋਂ ਇਲਾਵਾ ਕੋਰੋਨਾ ਕਾਲ ਤੋਂ ਪ੍ਰਭਾਵਿਤ ਹੋਏ ਵਿਦਿਆਰਥੀਆਂ ਦੇ ਲਈ ਸਰਕਾਰ ਨੇ ਡਿਜੀਟਲ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਵੀ ਕੀਤਾ ਜਿਸ ‘ਚ ਸਥਾਨਕ ਭਾਸ਼ਾਵਾਂ ‘ਤੇ ਵੀ ਖਾਸੀ ਤਵੱਜੋਂ ਦਿੱਤੀ ਜਾਵੇਗੀ | ਪਛੜੇ ਵਿਦਿਆਰਥੀਆਂ ਤੇ ਗਰੀਬ ਤਬਕੇ ਦੇ ਬੱਚਿਆਂ ਨੂੰ ਮੁੜ ਸਿੱਖਿਆ ਦੇ ਨਾਲ ਜੋੜਨ ਲਈ ਇਕ ਕਲਾਸ ਯੋਜਨਾ ਵੀ ਸ਼ੁਰੂ ਕੀਤੀ ਜਾਵੇਗੀ |
ਖੇਤੀਬਾੜੀ ਯੂਨੀਵਰਸਿਟੀ ਦੇ ਸਿਲੇਬਸ ‘ਚ ਲਿਆਂਦਾ ਜਾਵੇਗਾ ਬਦਲਾਅ
ਖੇਤੀ ਕਿੱਤੇ ਨੂੰ ਬਦਲਦੇ ਹਾਲਾਤ ਅਤੇ ਨਵੀਂ ਨੁਹਾਰ ਦੇ ਨਾਲ ਜੋੜਨ ਲਈ ਖੇਤੀਬਾੜੀ ਯੂਨੀਵਰਸਿਟੀਆਂ ਦੇ ਸਿਲੇਬਸ ‘ਚ ਸਰਕਾਰ ਨੇ ਵੱਡੀਆਂ ਤਬਦੀਲੀਆਂ ਕਰਨ ਦੇ ਸੰਕੇਤ ਦਿੱਤੇ ਹਨ | ਬਜਟ ਭਾਸ਼ਨ ‘ਚ ਕਿਹਾ ਗਿਆ ਕਿ ਖੇਤੀ ਯੂਨੀਵਰਸਿਟੀਆਂ ਦੇ ਸਿਲੇਬਸ ‘ਚ ਬਦਲਾਅ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ | ਇਸ ਤੋਂ ਇਲਾਵਾ ਹਰ ਰਾਜ ਸਰਕਾਰ ਨੂੰ ਖੇਤੀ ਯੂਨੀਵਰਸਿਟੀਆਂ ਦੇ ਸਿਲੇਬਸ ‘ਚ ਜ਼ੀਰੋ ਬਜਟ ਖੇਤੀ, ਕੁਦਰਤੀ ਖੇਤੀ, ਆਧੁਨਿਕ ਖੇਤੀ ਆਦਿ ਵਿਸ਼ੇ ਵੀ ਸ਼ਾਮਿਲ ਕੀਤੇ ਜਾਣ ਨੂੰ ਕਿਹਾ ਹੈ ਤਾਂ ਜੋ ਖੇਤੀ ਨੂੰ ਵਕਤ ਦੇ ਨਾਲ ਬਦਲਿਆ ਜਾ ਸਕੇ | ਸੀਤਾਰਮਨ ਨੇ ਬਜਟ ਭਾਸ਼ਨ ਦੌਰਾਨ ਕੇਨ-ਬੇਤਵਾ ਨਦੀ ਜੋੜਨ ਦੇ ਪ੍ਰਾਜੈਕਟ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ 44 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ 9 ਲੱਖ ਕਿਸਾਨਾਂ ਨੂੰ ਫਾਇਦਾ ਹੋਏਗਾ |
ਟੈਕਸ ਭਰਨ ਵਾਲਿਆਂ ਦੇ ਹੱਥ ਨਿਰਾਸ਼ਾ
ਵਿੱਤ ਮੰਤਰੀ ਨੇ ਆਮ ਆਦਮੀ ਲਈ ਇਸ ਵਾਰ ਵੀ ਆਮਦਨ ਟੈਕਸ ‘ਚ ਕੋਈ ਰਾਹਤ ਦਾ ਐਲਾਨ ਨਹੀਂ ਕੀਤਾ | ਇਹ ਲਗਾਤਾਰ ਨੌਵਾਂ ਸਾਲ ਹੈ ਜਦੋਂ ਆਮਦਨ ਟੈਕਸ ਸਲੈਬ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ | 2 ਹਿੱਸਿਆਂ ‘ਚ ਪੇਸ਼ ਕੀਤੇ ਬਜਟ ‘ਚ ਜਦੋਂ ਸੀਤਾਰਮਨ ਨੇ ਬਜਟ ਦਾ ਸਿੱਧੇ ਟੈਕਸਾਂ ਬਾਰੇ ਦੂਜਾ ਹਿੱਸਾ ਪੜ੍ਹਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਟੈਕਸ ਅਦਾ ਕਰਨ ਵਾਲਿਆਂ ਦਾ ਧੰਨਵਾਦ ਜ਼ਰੂਰ ਕੀਤਾ | ਨਾਲ ਹੀ ਮਹਾਂਭਾਰਤ ਦੇ ਇਕ ਸਲੋਕ ਦੇ ਹਵਾਲੇ ਨਾਲ ਇਹ ਵੀ ਕਿਹਾ ਕਿ ਕਿਸੇ ਰਾਸ਼ਟਰ ਦਾ ਰਾਜਧਰਮ ਕਿਸੇ ਵੀ ਤਰੀਕੇ ਨਾਲ ਜਨਤਾ ਦੀ ਭਲਾਈ ਹੀ ਹੈ | ਸੀਤਾਰਮਨ ਨੇ ਜਨਤਾ ਦੀ ਭਲਾਈ ਦੇ ਜ਼ਿਕਰ ਤੋਂ ਫੌਰਨ ਬਾਅਦ ਹੀ ਆਮਦਨ ਟੈਕਸ ਭਰਨ ਵਾਲਿਆਂ ਲਈ ਬੱਸ ਏਨਾ ਹੀ ਐਲਾਨ ਕੀਤਾ ਕਿ ਜੇਕਰ ਉਹ ਆਪਣੀ ਰਿਟਰਨ ‘ਚ ਕੋਈ ਆਮਦਨ, ਗਲਤੀ ਨਾਲ ਨਹੀਂ ਭਰਦੇ ਹਨ ਤਾਂ ਉਹ 2 ਸਾਲ ਤੱਕ ਇਸ ਗਲਤੀ ‘ਚ ਸੁਧਾਰ ਕਰ ਸਕਦੇ ਹਨ | ਸੰਸਦ ‘ਚ ਬਜਟ ਪੇਸ਼ ਕਰਨ ਤੋਂ ਬਾਅਦ ਨਿਰਮਲਾ ਸੀਤਾਰਮਨ ਵਲੋਂ ਦੁਪਹਿਰ ਨੂੰ ਕੀਤੀ ਪ੍ਰੈੱਸ ਕਾਨਫਰੰਸ ‘ਚ ਜਦੋਂ ਇਹ ਪੁੱਛਿਆ ਗਿਆ ਕਿ ਟੈਕਸ ਸਲੈਬ ‘ਚ ਕੋਈ ਰਾਹਤ ਕਿਉਂ ਨਹੀਂ ਦਿੱਤੀ ਗਈ ਤਾਂ ਉਨ੍ਹਾਂ ਇਸ ਦੇ ਜਵਾਬ ‘ਚ ਕੋਈ ਨਵਾਂ ਟੈਕਸ ਨਾ ਲਾਉਣ ਨੂੰ ਅਸਿੱਧੇ ਤੌਰ ‘ਤੇ ਰਾਹਤ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਖ਼ਤ ਹਦਾਇਤ ਦਿੱਤੀ ਸੀ ਕਿ ਜਨਤਾ ‘ਤੇ ਕਿਸੇ ਨਵੇਂ ਟੈਕਸ ਦਾ ਬੋਝ ਨਾ ਪਾਇਆ ਜਾਵੇ |
ਕਿ੍ਪਟੋ ਕਰੰਸੀ ‘ਤੇ ਅਦਾ ਕਰਨਾ ਹੋਏਗਾ 30 ਫ਼ੀਸਦੀ ਟੈਕਸ
ਵਿੱਤ ਮੰਤਰੀ ਨੇ ਆਰ.ਬੀ.ਆਈ. ਵਲੋਂ ਜਾਰੀ ਹੋਣ ਵਾਲੇ ਡਿਜੀਟਲ ਰੁੁਪਈਏ ਨੂੰ ਹੀ ਡਿਡੀਟਲ ਕਰੰਸੀ ਮੰਨਣ ਬਾਰੇ ਸਪੱਸ਼ਟੀਕਰਨ ਦੇਣ ਦੇ ਨਾਲ ਇਹ ਵੀ ਕਿਹਾ ਕਿ ਹੋਰ ਜੋ ਵੀ ਬਿਟਕਾਈਨ ਅਤੇ ਇਥੇਰਿਅਮ ਜਿਹੀਆਂ ਕ੍ਰਿਪਟੋ ਕਰੰਸੀ ਹਨ, ਉਨ੍ਹਾਂ ਨੂੰ ਅਸਾਸਾ ਮੰਨਿਆ ਜਾਵੇਗਾ ਅਤੇ ਇਸ ਤੋਂ ਹੋਣ ਵਾਲੀ ਕਮਾਈ ‘ਤੇ 30 ਫ਼ੀਸਦੀ ਟੈਕਸ ਵੀ ਅਦਾ ਕਰਨਾ ਪਏਗਾ | ਇਸ ਤੋਂ ਇਲਾਵਾ ਕ੍ਰਿਪਟੋ ਕਰੰਸੀ ਦੀ ਖ਼ਰੀਦ ਅਤੇ ਵਿਕਰੀ ‘ਤੇ 1 ਫ਼ੀਸਦੀ ਦਾ ਟੀ.ਡੀ.ਐਸ. ਵੀ ਅਦਾ ਕਰਨਾ ਪਏਗਾ | ਤੋਹਫੇ ਵਜੋਂ ਦਿੱਤੀ ਗਈ ਕ੍ਰਿਪਟੋ ਕਰੰਸੀ ‘ਤੇ ਵੀ ਟੈਕਸ ਅਦਾ ਕਰਨਾ ਪਏਗਾ |
ਮਾਨਸਿਕ ਸਿਹਤ ਦਾ ਵਿਸ਼ਾ ਵੀ ਬਜਟ ‘ਚ ਹੋਇਆ ਸ਼ਾਮਿਲ
ਕੋਰੋਨਾ ਕਾਲ ‘ਚ ਪੇਸ਼ ਕੀਤੇ ਗਏ ਦੂਜੇ ਬਜਟ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਉਚੇਚੇ ਤੌਰ ‘ਤੇ ਮਾਨਸਿਕ ਸਿਹਤ ਦੇ ਵਿਸ਼ੇ ਦਾ ਵੀ ਜ਼ਿਕਰ ਕੀਤਾ | ਸੀਤਾਰਮਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਹਰ ਉਮਰ ਦੇ ਵਰਗ ‘ਚ ਮਾਨਸਿਕ ਸਿਹਤ ਦਿੱਕਤਾਂ ‘ਚ ਵਾਧਾ ਹੋਇਆ ਹੈ | ਉਨ੍ਹਾਂ ਮਾਨਸਿਕ ਸਿਹਤ ਸਮੱਸਿਆ ਨਾਲ ਨਜਿੱਠਣ ਲਈ ਰਾਸ਼ਟਰੀ ਟੈਲੀ ਮੈਂਟਲ ਹੈਲਥ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਭਾਰਤ ‘ਚ ਅਜਿਹੇ 23 ਟੈਲੀ ਮਾਨਸਿਕ ਸਿਹਤ ਕੇਂਦਰ ਸਥਾਪਤ ਕੀਤੇ ਜਾਣਗੇ | ਜਦਕਿ ਮਾਨਸਿਕ ਸਿਹਤ ਅਤੇ ਨਿਊਰੋ ਸਾਇੰਸ ਬਾਰੇ ਰਾਸ਼ਟਰੀ ਸੰਸਥਾ ਐਨ.ਐਮ.ਐਚ.ਪੀ. ਇਸ ਦਾ ਮੁੱਖ ਕੇਂਦਰ ਹੋਏਗਾ | ਸੀਤਾਰਮਨ ਨੇ ਨੈਸ਼ਨਲ ਡਿਜੀਟਲ ਹੈਲਥ ਈਕੋ ਸਿਸਟਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਜਿਸ ‘ਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਆਦਿ ਸੰਬੰਧੀ ਅੰਕੜਿਆਂ ਦਾ ਡਿਜੀਟਲ ਰਜਿਸਟ੍ਰੇਸ਼ਨ ਕੀਤਾ ਜਾਵੇਗਾ |
ਤਿੰਨ ਸਾਲ ‘ਚ ਚੱਲਣਗੀਆਂ 400 ਵੰਦੇ ਮਾਤਰਮ ਰੇਲ ਗੱਡੀਆਂ
ਭਾਵੇਂ ਰੇਲਵੇ ਲਈ ਸਰਕਾਰ ਵਲੋਂ ਕੋਈ ਵੱਡਾ ਐਲਾਨ ਨਹੀਂ ਕੀਤਾ ਗਿਆ ਪਰ ਵਿੱਤ ਮੰਤਰੀ ਨੇ ਅਗਲੇ 3 ਸਾਲਾਂ ‘ਚ ਭਾਰਤ ‘ਚ 400 ਆਧੁਨਿਕ ਵੰਦੇ ਮਾਤਰਮ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ | ਇਨ੍ਹਾਂ ਤੋਂ ਇਲਾਵਾ ਮੈਟਰੋ ਸਿਸਟਮ ਵਿਕਸਤ ਕਰਨ ਲਈ ਵੀ ਨਵੀਆਂ ਪਹਿਲਕਦਮੀਆਂ ਸ਼ੁਰੂ ਕਰਨ ਨੂੰ ਵੀ ਵਿੱਤ ਮੰਤਰੀ ਨੇ ਸਰਕਾਰ ਦੀ ਤਰਜੀਹ ਕਰਾਰ ਦਿ ੱਤਾ | ਬੁਨਿਆਦੀ ਢਾਂਚੇ ਨੂੰ ਉਚ ਤਰਜੀਹ ‘ਤੇ ਰੱਖਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੀ.ਐਮ. ਗਤੀਸ਼ਕਤੀ ਮਾਸਟਰ ਪਲਾਨ ਦਾ ਐਲਾਨ ਕੀਤਾ ਹੈ | ਇਸ ਯੋਜਨਾ ਦੇ ਤਹਿਤ ਸੜਕ, ਰੇਲਵੇ, ਹਵਾਈ ਅੱਡੇ, ਬੰਦਰਗਾਹਾਂ, ਜਹਾਜ਼ਰਾਨੀ ਅਤੇ ਲਾਜਿਸਟਿਕ ਬੁਨਿਆਦੀ ਢਾਂਚੇ ਨੂੰ ਸਮੁੱਚੇ ਤੌਰ ‘ਤੇ ਵਿਕਸਿਤ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ | ਵਿੱਤ ਮੰਤਰੀ ਨੇ ਕਿਹਾ ਕਿ ਵਿਕਾਸ ਦੇ ਇਨ੍ਹਾਂ 7 ਸੂਚਕਾਂ ਦੇ ਅੱਗੇ ਵਧਣ ਕਾਰਨ ਹੀ ਦੇਸ਼ ਵਿਕਾਸ ਦੀ ਰਾਹ ‘ਤੇ ਅੱਗੇ ਵਧੇਗਾ | ਇਸੇ ਕਵਾਇਦ ‘ਚ ਵਿੱਤ ਮੰਤਰੀ ਨੇ ਸਰਕਾਰ ਵਲੋਂ ਇਕ ਸਾਲ ‘ਚ 25 ਹਜ਼ਾਰ ਕਿਲੋਮੀਟਰ ਸੜਕਾਂ ਬਣਾਉਣ ਦੇ ਟੀਚੇ ਦਾ ਐਲਾਨ ਕੀਤਾ |
5ਜੀ ਸੇਵਾ
ਪੁੱਜਤਯੋਗ ਬ੍ਰਾਂਡਬੈਂਡ ਨੂੰ ਸਰਕਾਰ ਦੀ ਤਰਜੀਹ ਦੱਸਦਿਆਂ ਸੀਤਾਰਮਨ ਨੇ ਕਿਹਾ ਕਿ ਅਗਲੇ ਵਿੱਤੀ ਸਾਲ 2022-23 ‘ਚ 5ਜੀ ਮੋਬਾਈਲ ਸੇਵਾਵਾਂ ਦੀ ਸ਼ੁਰੂਆਤ ਲਈ ਸਪੈਕਟਰਮ ਦੀ ਨੀਲਾਮੀ ਕੀਤੀ ਜਾਵੇਗੀ | ਸਰਕਾਰ ਵਲੋਂ ਦਿਹਾਤੀ ਇਲਾਕਿਆਂ ‘ਚ ਬ੍ਰਾਂਡਬੈਂਡ ‘ਚ ਵਿਸਥਾਰ ਅਤੇ ਬਿਹਤਰ ਇੰਟਰਨੈੱਟ ਕੁਨੈਕਟੀਵਿਟੀ ਲਈ ਭਾਰਤ ਨੈੱਟ ਪ੍ਰਾਜੈਕਟ ਸਾਲ 2025 ਤੱਕ ਪੂਰੀ ਹੋਣ ਦੀ ਉਮੀਦ ਪ੍ਰਗਟਾਈ ਗਈ ਹੈ | ਦਿਹਾਤੀ ਇਲਾਕਿਆਂ ‘ਚ ਭਾਰਤ ਨੈੱਟ ਤਹਿਤ ਆਪਟੀਕਲ ਫਾਈਬਰ ਨੈੱਟ ਵਿਛਾਉਣ ਦਾ ਪ੍ਰਾਜੈਕਟ ਪੀ.ਪੀ.ਪੀ. ਆਧਾਰ ‘ਤੇ ਦਿੱਤਾ ਜਾਵੇਗਾ | ਕਾਰੋਬਾਰ ਸ਼ੁਰੂ ਕਰਨ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਦੇ ਅਮਲ ਨੂੰ ਸੁਖਾਲਾ ਬਣਾਉਣ ਲਈ ਸਰਕਾਰ ਨੇ ਸਿੰਗਲ ਵਿੰਡੋ ਸਿਸਟਮ ਦਾ ਦਾਇਰਾ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਕਾਰੋਬਾਰੀਆਂ ਨੂੰ ਵਧੇਰੇ ਨਿਵੇਸ਼ ਲਈ ਉਤਸ਼ਾਹਿਤ ਕੀਤਾ ਜਾ ਸਕੇ |
ਕਾਰਪੋਰੇਟ ਟੈਕਸ ‘ਚ ਕਟੌਤੀ
ਸਰਕਾਰ ਨੇ ਕਾਰਪੋਰੇਟ ਟੈਕਸ ਦਰਾਂ ‘ਚ ਕਟੌਤੀ ਦਾ ਐਲਾਨ ਕਰਦਿਆਂ ਕੇਂਦਰ ਨੇ ਸਹਿਕਾਰੀ ਸਭਾਵਾਂ ਲਈ 18 ਫ਼ੀਸਦੀ ਦੀ ਟੈਕਸ ਦਰ ਨੂੰ ਘਟਾ ਕੇ 15 ਫ਼ੀਸਦੀ ਕਰਨ ਦਾ ਫੈਸਲਾ ਕੀਤਾ ਅਤੇ ਸਰਚਾਰਜ ਨੂੰ 12 ਫ਼ੀਸਦੀ ਤੋਂ ਘਟਾ ਕੇ 7 ਫ਼ੀਸਦੀ ਕਰਨ ਦਾ ਐਲਾਨ ਕੀਤਾ | ਨਾਲ ਹੀ ਇਸ ਮੂਲ ਆਮਦਨ ਨੂੰ 1 ਕਰੋੜ ਦੀ ਥਾਂਅ 10 ਕਰੋੜ ਕੀਤੇ ਜਾਣ ਦਾ ਐਲਾਨ ਕੀਤਾ | ਜਦਕਿ ‘ਲਾਂਗ ਟਰਮ ਕੈਪੀਟਲ ਗੇਨ’ ‘ਤੇ ਵੀ ਹੁਣ 15 ਫ਼ੀਸਦੀ ਟੈਕਸ ਲਗੇਗਾ |
ਗੇਮਿੰਗ ਅਤੇ ਐਨੀਮੇਸ਼ਨ
ਵਿੱਤ ਮੰਤਰੀ ਨੇ ਬਜਟ ‘ਚ ਨਵੇਂ ਉਭਰ ਰਹੇ ਖ਼ੇਤਰ ਗੇਮਿੰਗ ਅਤੇ ਐਨੀਮੇਸ਼ਨ ਨੂੰ ਵੀ ਥਾਂਅ ਦਿੰਦਿਆਂ ਕਿਹਾ ਕਿ ਐਨੀਮੇਸ਼ਨ, ਵਿਜ਼ੂਅਲ ਈਫੈਕਟ, ਗੇਮਿੰਗ ਅਤੇ ਕਾਮਿਕਸ (ਏ.ਵੀ.ਜੀ.ਸੀ.) ਸੈਕਟਰ ‘ਚ ਕਈ ਸੰਭਾਵਨਾਵਾਂ ਹਨ | ਉਨ੍ਹਾਂ ਕਿਹਾ ਕਿ ਏ.ਪੀ.ਜੀ.ਸੀ. ਪ੍ਰੋਮੋਸ਼ਨ ਟਾਸਕ ਦਾ ਗਠਨ ਕੀਤਾ ਜਾਏਗਾ ਜੋ ਅਜਿਹੇ ਰਸਤੇ ਤਲਾਸ਼ੇਗੀ ਜਿਸ ‘ਚ ਅਸੀਂ ਸਥਾਨਕ ਮੰਗ ਪੂਰੀ ਕਰਨ ਤੋਂ ਇਲਾਵਾ ਆਲਮੀ ਪੱਧਰ ‘ਤੇ ਵੀ ਇਸ ‘ਚ ਹਿੱਸੇਦਾਰੀ ਲੈ ਸਕੀਏ |
60 ਲੱਖ ਨੌਕਰੀਆਂ ਪੈਦਾ ਹੋਣਗੀਆਂ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤਾ ਗਿਆ ਚੌਥਾ ਬਜਟ ਪੇਪਰਲੈੱਸ ਸੀ ਜਿਸ ‘ਚ ਉਨ੍ਹਾਂ ਟੈਬਲੇਟ ਰਾਹੀਂ ਪੂਰਾ ਬਜਟ ਪੜਿ੍ਹਆ | ਵਿੱਤ ਮੰਤਰੀ ਵਲੋਂ 2022-23 ਲਈ ਕੁੱਲ 39.45 ਲੱਖ ਕਰੋੜ ਦਾ ਬਜਟ ਪੇਸ਼ ਕੀਤਾ ਗਿਆ | ਵਿੱਤ ਮੰਤਰੀ ਮੁਤਾਬਿਕ ਇਸ ਬਜਟ ਰਾਹੀਂ 5 ਸਾਲ ‘ਚ 60 ਲੱਖ ਨੌਕਰੀਆਂ ਪੈਦਾ ਹੋਣਗੀਆਂ | 14 ਖੇਤਰਾਂ ‘ਚ ਸ਼ੁਰੂ ਹੋਈਆਂ ਉਤਪਾਦਨ ਨਾਲ ਸੰਬੰਧਿਤ ਇੰਸੈਂਟਿਵ ਸਕੀਮਾਂ ਸ਼ੁਰੂ ਹੋਣਗੀਆਂ, ਜਿਸ ਨਾਲ 30 ਲੱਖ ਕਰੋੜ ਦੇ ਉਤਪਾਦਨ ਹੋਣ ਦੀ ਸੰਭਾਵਨਾ ਹੈ | ਬਜਟ ਤਹਿਤ ਗਰੀਬਾਂ ਲਈ 48 ਹਜ਼ਾਰ ਕਰੋੜ ਦੇ 80 ਲੱਖ ਘਰ ਬਣਾਏ ਜਾਣਗੇ | ਬਜਟ ‘ਚ ਵਿੱਤੀ ਘਾਟਾ 6.9 ਫ਼ੀਸਦੀ ਹੋਣ ਦਾ ਅਨੁਮਾਨ ਹੈ ਜੋ ਕਿ ਪਿਛਲੇ ਸਾਲ 6.8 ਫੀਸਦੀ ਸੀ |
ਸਹਾਇਕ ਖੇਤੀ ਤੇ ਫੂਡ ਪ੍ਰੋਸੈਸਿੰਗ ਸੈਕਟਰਾਂ ਨੂੰ ਹੁੰਗਾਰਾ
ਕਿਸਾਨਾਂ ਦੀ ਆਮਦਨ ਨੂੰ ਹੁਲਾਰਾ ਦੇਣ ਲਈ ਸਹਾਇਕ ਖੇਤੀ ਅਤੇ ਫੂਡ ਪ੍ਰੋਸੈਸਿੰਗ ਸੈਕਟਰਾਂ ਨੂੰ ਵਰਤਣ ਦੀ ਕੋਸ਼ਿਸ਼ ‘ਚ ਸਰਕਾਰ ਨੇ ਮੰਗਲਵਾਰ ਨੂੰ ਅਗਲੇ ਵਿੱਤੀ ਵਰ੍ਹੇ ਲਈ ਇਨ੍ਹਾਂ ਦੋਵਾਂ ਖੇਤਰਾਂ ਲਈ ਬਜਟ ‘ਚ ਵੱਧ ਰਾਸ਼ੀ ਦੀ ਤਜਵੀਜ਼ ਕੀਤੀ | ਇਸ ਤੋਂ ਇਲਾਵਾ ਕੰਮ ਦੀ ਸ਼ੁਰੂਆਤ ਕਰਨ ਵਾਲਿਆਂ ਲਈ ਵਿੱਤੀ ਸਹਾਇਤਾ, ਕਿਸਾਨ ਡਰੋਨ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਨੂੰ ਉੱਚ ਤਕਨੀਕ ਵਾਲੀਆਂ ਖੇਤੀ ਸੇਵਾਵਾਂ ਦੀ ਵੰਡ ਲਈ ਜਨਤਕ-ਨਿੱਜੀ ਭਾਈਵਾਲੀ (ਪੀ.ਪੀ.ਪੀ.) ਮੋਡ ਦਾ ਐਲਾਨ ਕੀਤਾ | ਅਗਲੇ ਵਿੱਤੀ ਵਰ੍ਹੇ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਲਈ ਬਜਟ ਨੂੰ 4.5 ਫ਼ੀਸਦੀ ਵਧਾ ਕੇ 1,32,513 ਕਰੋੜ ਕੀਤਾ ਗਿਆ ਹੈ | ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਦੇ ਬਜਟ ਨੂੰ 44 ਫ਼ੀਸਦੀ ਵਧਾ ਕੇ 6407.31 ਕਰੋੜ ਅਤੇ ਫੂਡ ਪ੍ਰੋਸੈਸਿੰਗ ਉਦਯੋਗਾਂ ਲਈ ਬਜਟ ਨੂੰ 2.25 ਗੁਣਾ
ਵਧਾ ਕੇ 2941.99 ਕਰੋੜ ਕੀਤਾ ਗਿਆ ਹੈ | ਸਰਕਾਰ ਨੇ ਪੀਐਮ-ਕਿਸਾਨ ਯੋਜਨਾ ਲਈ 6,75,000 ਕਰੋੜ, ਫਸਲ ਬੀਮਾ ਯੋਜਨਾ ਲਈ 15,500 ਕਰੋੜ, ਕ੍ਰਿਸ਼ੀ ਉੱਨਤੀ ਯੋਜਨਾ ਲਈ 7183 ਕਰੋੜ, ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਲਈ 10,433 ਕਰੋੜ ਅਤੇ ਮਾਰਕੀਟ ਦਖਲ ਯੋਜਨਾ-ਕੀਮਤ ਸਹਾਇਤਾ ਯੋਜਨਾ ਲਈ 1500 ਕਰੋੜ ਦੀ ਰਾਸ਼ੀ ਰੱਖੀ ਹੈ |

                                                                 …………..…………Chief Editor Jasdeep Singh