Punjab Junction Newspaper | 14 January 2022
ਐੱਸ. ਏ. ਐੱਸ. ਨਗਰ, ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਲਈ ਮੁੱਖ ਮੰਤਰੀ ਦਾ ਚਿਹਰਾ ਚੁਣਨ ਵਾਸਤੇ ਮੋਬਾਈਲ ਨੰਬਰ ਜਾਰੀ ਕੀਤਾ ਹੈ, ਜੋ ਕਿ 17 ਜਨਵਰੀ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਰਹੇਗਾ। ਲੋਕ ਐਸ. ਐਮ. ਐਸ., ਕਾਲ ਅਤੇ ਵੱਟਸਐਪ ਰਾਹੀਂ ਇਸ ਨੰਬਰ ‘ਤੇ ਆਪਣੀ ਰਾਇ ਦੇ ਸਕਦੇ ਹਨ ਅਤੇ ਆਪਣੀ ਪਸੰਦ ਦਾ ਮੁੱਖ ਮੰਤਰੀ ਚਿਹਰਾ ਚੁਣ ਸਕਦੇ ਹਨ। ਸਾਰਾ ਡਾਟਾ ਇਕੱਠਾ ਕਰਕੇ ਪਾਰਟੀ ਆਪਣੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰੇਗੀ। ਮੁਹਾਲੀ ਵਿਖੇ ਸੱਦੇ ਗਏ ਇਕ ਪੱਤਰਕਾਰ ਸੰਮੇਲਨ ਦੌਰਾਨ ਮੁੱਖ ਮੰਤਰੀ ਚੁਣਨ ਲਈ ਨਵੀਂ ਰਵਾਇਤ ਦੀ ਸ਼ੁਰੂਆਤ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਪਾਰਟੀ ਜਨਤਾ ਤੋਂ ਪੁੱਛ ਕੇ ਮੁੱਖ ਮੰਤਰੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਤੈਅ ਹੈ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਵੇਗਾ ਪਰ ਅਸੀਂ ਮੁੱਖ ਮੰਤਰੀ ਚਿਹਰਾ ਤੈਅ ਨਹੀਂ ਕਰਾਂਗੇ, ਸਗੋਂ ਪੰਜਾਬ ਦੀ ਜਨਤਾ ਤੈਅ ਕਰੇਗੀ ਕਿ ਉਨ੍ਹਾਂ ਦਾ ਮੁੱਖ ਮੰਤਰੀ ਕੌਣ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਜ਼ਿਆਦਾਤਰ ਪਾਰਟੀਆਂ ਅਕਸਰ ਆਪਣੇ ਬੇਟੇ, ਭਾਈ, ਨੂੰਹ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਮੁੱਖ ਮੰਤਰੀ ਬਣਾਉਂਦੀਆਂ ਹਨ ਪਰ ਅੱਜ ਆਮ ਆਦਮੀ ਪਾਰਟੀ ਨੇ ਵਿਰਾਸਤ ਅਤੇ ਪਰਿਵਾਰਵਾਦ ਦੀ ਰਾਜਨੀਤੀ ਨੂੰ ਖ਼ਤਮ ਕਰਨ ਲਈ ਪੰਜਾਬ ਦਾ ਮੁੱਖ ਮੰਤਰੀ ਚੁਣਨ ਦਾ ਅਧਿਕਾਰ ਜਨਤਾ ਦੇ ਹੱਥਾਂ ‘ਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਜਿਸ ਚਿਹਰੇ ‘ਤੇ ਮੋਹਰ ਲਗਾਏਗੀ, ਪਾਰਟੀ ਉਸੇ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੇਗੀ। ਇਸੇ ਦੌਰਾਨ ਮੁੱਖ ਮੰਤਰੀ ਦੇ ਚਿਹਰੇ ਸੰਬੰਧੀ ਭਗਵੰਤ ਮਾਨ ਦਾ ਜ਼ਿਕਰ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਾਡੇ ਬਹੁਤ ਹੀ ਪਿਆਰੇ ਆਗੂ ਹਨ, ਜਿਨ੍ਹਾਂ ਦਾ ਪਾਰਟੀ ‘ਚ ਵੱਡਾ ਕੱਦ ਹੈ, ਲਿਹਾਜ਼ਾ ਭਗਵੰਤ ਮਾਨ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੰਦੇ ਹਾਂ। ਇਸ ਦੇ ਜਵਾਬ ‘ਚ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਬੰਦ ਕਮਰੇ ‘ਚ ਮੁੱਖ ਮੰਤਰੀ ਦੀ ਚੋਣ ਕਰਨ ਦੀ ਰਿਵਾਇਤ ਬੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਸਰ ਹੀ ਰਵਾਇਤੀ ਪਾਰਟੀਆਂ ਬੰਦ ਕਮਰੇ ‘ਚ ਮੁੱਖ ਮੰਤਰੀ ਚੁਣ ਕੇ ਉਸ ਨੂੰ ਲੋਕਾਂ ‘ਤੇ ਥੋਪ ਦਿੰਦੀਆਂ ਹਨ ਪਰ ਆਮ ਆਦਮੀ ਪਾਰਟੀ ਅਜਿਹੀ ਰੀਤ ਨੂੰ ਖ਼ਤਮ ਕਰ ਕੇ ਲੋਕਾਂ ਦੀ ਰਾਇ ਅਨੁਸਾਰ ਆਪਣਾ ਮੁੱਖ ਮੰਤਰੀ ਚਿਹਰਾ ਐਲਾਨਣ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਇਹ ਭਰੋਸਾ ਹੋ ਸਕੇ ਕਿ ਇਹ ਮੁੱਖ ਮੰਤਰੀ ਸਾਡਾ ਹੈ ਅਤੇ ਇਸ ਨੂੰ ਅਸੀਂ ਚੁਣਿਆ ਹੈ। ਮਾਨ ਨੇ ਸਪੱਸ਼ਟ ਕਿਹਾ ਕਿ ਪੰਜਾਬ ਦੀ ਜਨਤਾ ਜੋ ਆਦੇਸ਼ ਦੇਵੇਗੀ ਉਸ ਅਨੁਸਾਰ ਕੰਮ ਕੀਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਚੋਣ ਇੰਚਾਰਜ ਰਾਘਵ ਚੱਢਾ ਵੀ ਹਾਜ਼ਰ ਸਨ।