ਆਦਮਪੁਰ ਹਲਕੇ ਤੋਂ ਕਾਂਗਰਸ ਦੀ ਟਿਕਟ ਨੂੰ ਲੈ ਕੇ ਸਾਰਾ ਦਿਨ ਚਲਦਾ ਰਿਹਾ ਹਾਈਵੋਲਟੇਜ ਡਰਾਮਾ

Punjab Junction Newspaper | 02 FEBRUARY 2022

ਜਲੰਧਰ,

ਆਦਮਪੁਰ ਹਲਕੇ ਤੋਂ ਕਾਂਗਰਸ ਦੀ ਟਿਕਟ ਨੂੰ ਲੈ ਕੇ ਅੱਜ ਸਾਰਾ ਦਿਨ ਹਾਈਵੋਲਟੇਜ ਡਰਾਮਾ ਚੱਲਦਾ ਰਿਹਾ | ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਅਤੇ ਕਾਂਗਰਸ ਵਲੋਂ ਐਲਾਨੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਦੇ ਵਿਚਕਾਰ ਕਾਂਗਰਸ ਦੀ ਟਿਕਟ ਹਾਸਿਲ ਕਰਨ ਲਈ ਸਾਰਾ ਦਿਨ ਰੱਸਾਕਸ਼ੀ ਦੀ ਖੇਡ ਚੱਲਦੀ ਰਹੀ ਤੇ ਦੋਵੇਂ ਆਗੂ ਪਾਰਟੀ ਦੇ ਅਧਿਕਾਰਤ ਪੱਤਰ ਦੇ ਇੰਤਜ਼ਾਰ ‘ਚ ਚੋਣ ਅਧਿਕਾਰੀ ਦੇ ਦਫਤਰ ‘ਚ ਬੈਠੇ ਰਹੇ ਪਰ ਐਨ ਆਖਰੀ ਮੌਕੇ ‘ਤੇ ਸੁਖਵਿੰਦਰ ਸਿੰਘ ਕੋਟਲੀ ਬਾਜ਼ੀ ਮਾਰਨ ‘ਚ ਸਫਲ ਰਹੇ ਤੇ ਹਾਈਕਮਾਨ ਵਲੋਂ ਉਨ੍ਹਾਂ ਨੂੰ ਪਾਰਟੀ ਦਾ ਅਧਿਕਾਰਤ ਉਮੀਦਵਾਰ ਬਣਾ ਕੇ ਉਨ੍ਹਾਂ ਦੇ ਕਾਗਜ਼ ਭਰਵਾਏ ਗਏ, ਜਦਕਿ ਮਹਿੰਦਰ ਸਿੰਘ ਕੇ. ਪੀ. ਬੁਰੀ ਤਰ੍ਹਾਂ ਨਾਲ ਨਿਰਾਸ਼ ਹੋ ਕੇ ਚੋਣ ਅਧਿਕਾਰੀ ਦੇ ਦਫਤਰ ਤੋਂ ਖਾਲੀ ਹੱਥ ਪਰਤਣ ਲਈ ਮਜ਼ਬੂਰ ਹੋਏ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਹੋਣ ਦੇ ਬਾਵਜੂਦ ਮਹਿੰਦਰ ਸਿੰਘ ਕੇ. ਪੀ. ਨੂੰ ਅੱਜ ਪਾਰਟੀ ਹਾਈਕਮਾਨ ਵਲੋਂ ਸਾਰਾ ਦਿਨ ਟਿਕਟ ਦੇ ਮਾਮਲੇ ‘ਚ ਉਲਝਾਈ ਰੱਖਿਆ ਤੇ ਉਨ੍ਹਾਂ ਨੂੰ ਟਿਕਟ ਦਾ ਲਾਰਾ ਲਗਾ ਕੇ ਚੋਣ ਅਧਿਕਾਰੀ ਦੇ ਦਫਤਰ ‘ਚ ਵੀ ਬਿਠਾਈ ਰੱਖਿਆ ਗਿਆ ਪਰ ਅਖੀਰ ‘ਚ ਉਨ੍ਹਾਂ ਨੂੰ ਪਾਰਟੀ ਹਾਈਕਮਾਨ ਵਲੋਂ ਅਗੂੰਠਾ ਦਿਖਾ ਦਿੱਤਾ ਗਿਆ | ਜਿਸ ਕਾਰਨ ਉਹ ਬੇਹੱਦ ਨਿਰਾਸ਼ਾ ਦੇ ਆਲਮ ‘ਚ ਚੋਣ ਅਧਿਕਾਰੀ ਦੇ ਦਫਤਰ ਤੋਂ ਬਿਨਾਂ ਕਾਗਜ਼ ਭਰੇ ਹੀ ਵਾਪਸ ਮੁੜ ਆਏ | ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਵਲੋਂ ਮਹਿੰਦਰ ਸਿੰਘ ਕੇ. ਪੀ. ਨੂੰ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਨ ਤੋਂ ਰੋਕਣ ਲਈ ਹੀ ਇਹ ਸਾਰਾ ਡਰਾਮਾ ਰਚਿਆ ਗਿਆ ਤੇ ਉਨ੍ਹਾਂ ਨੂੰ ਆਖਰੀ ਸਮੇਂ ਤੱਕ ਟਿਕਟ ਦੇਣ ਦਾ ਭਰੋਸਾ ਦਿੱਤਾ ਜਾਂਦਾ ਰਿਹਾ | ਇੱਥੇ ਦੱਸਣਯੋਗ ਹੈ ਕਿ ਕਾਂਗਰਸ ਹਾਈਕਮਾਨ ਵਲੋਂ ਉਮੀਦਵਾਰਾਂ ਦੀ ਜਾਰੀ ਪਹਿਲੀ ਸੂਚੀ ਵਿਚ ਹੀ ਸੁਖਵਿੰਦਰ ਸਿੰਘ ਕੋਟਲੀ ਨੂੰ ਆਦਮਪੁਰ ਹਲਕੇ ਤੋਂ ਕਾਂਗਰਸ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਸੀ ਤੇ ਉਨ੍ਹਾਂ ਦੀ ਉਮੀਦਵਾਰੀ ਦਾ ਮਹਿੰਦਰ ਸਿੰਘ ਕੇ. ਪੀ. ਵਲੋਂ ਪਹਿਲੇ ਦਿਨ ਤੋਂ ਹੀ ਵਿਰੋਧ ਕੀਤਾ ਜਾ ਰਿਹਾ ਸੀ | ਉਨ੍ਹਾਂ ਵਲੋਂ ਇਹ ਮਾਮਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰਨਾਂ ਸੀਨੀਅਰ ਆਗੂਆਂ ਕੋਲ ਵੀ ਉਠਾਇਆ ਗਿਆ ਸੀ ਤੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਹਾਈਕਮਾਨ ਵਲੋਂ ਟਿਕਟ ਬਦਲਣ ਦਾ ਵਾਅਦਾ ਕੀਤਾ ਗਿਆ ਹੈ | ਅੱਜ ਵੀ ਮਹਿੰਦਰ ਸਿੰਘ ਕੇ. ਪੀ. ਨੂੰ ਪਾਰਟੀ ਦੇ ਕਈ ਸੀਨੀਅਰ ਆਗੂਆਂ ਦੇ ਟਿਕਟ ਸਬੰਧੀ ਫੋਨ ਆਉਂਦੇ ਰਹੇ ਤੇ ਦੁਪਹਿਰ ਸਮੇਂ ਤਾਂ ਸੀਨੀਅਰ ਆਗੂ ਵਲੋਂ ਉਨ੍ਹਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਤੁਸੀਂ ਚੋਣ ਅਧਿਕਾਰੀ ਦੇ ਦਫਤਰ ਪੁੱਜੋ ਤੇ ਕਾਗਜ਼ ਤਿਆਰ ਕਰਵਾਉ, ਜਿਸ ‘ਤੇ ਕੇ. ਪੀ.ਨੇ ਕਾਗਜ਼ ਤਿਆਰ ਕਰਵਾ ਲਏ ਤੇ ਪਾਰਟੀ ਹਾਈਕਮਾਨ ਦੇ ਅਧਿਕਾਰਤ ਪੱਤਰ ਦਾ ਇੰਤਜ਼ਾਰ ਕਰਨ ਲੱਗੇ ਪਰ ਇਹ ਇੰਤਜ਼ਾਰ ਏਨਾ ਲੰਬਾ ਹੋ ਗਿਆ ਕਿ ਤਿੰਨ ਵਜੇ ਤੱਕ ਉਨ੍ਹਾਂ ਨੂੰ ਹਾਈਕਮਾਨ ਨੇ ਕੋਈ ਵੀ ਹੁੰਗਾਰਾ ਨਾ ਭਰਿਆ | ਸਿਆਸੀ ਹਲਕਿਆਂ ‘ਚ ਸ੍ਰੀ ਮਹਿੰਦਰ ਸਿੰਘ ਕੇ. ਪੀ. ਨੂੰ ਹਾਈਕਮਾਨ ਵਲੋਂ ਇਸ ਤਰ੍ਹਾਂ ਜ਼ਲੀਲ ਕਰਨ ਦੀ ਸਾਰਾ ਦਿਨ ਕਾਫੀ ਚਰਚਾ ਰਹੀ | ਇਸ ਸਬੰਧੀ ਮਹਿੰਦਰ ਸਿੰਘ ਕੇ. ਪੀ. ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸ਼ਾਮ ਤੱਕ ਕੋਈ ਫੈਸਲਾ ਲੈਣਗੇ ਪਰ ਦੇਰ ਰਾਤ ਤੱਕ ਵੀ ਉਨ੍ਹਾਂ ਆਪਣੇ ਭਵਿੱਖ ਦੀ ਰਣਨੀਤੀ ਸਬੰਧੀ ਪੱਤੇ ਨਹੀਂ ਖੋਲ੍ਹੇ | ਓਧਰ ਸੁਖਵਿੰਦਰ ਸਿੰਘ ਕੋਟਲੀ ਨੂੰ ਵੀ ਪਾਰਟੀ ਹਾਈਕਮਾਨ ਵਲੋਂ 3 ਵੱਜਣ ਤੋਂ ਕੁੱਝ ਮਿੰਟ ਪਹਿਲਾਂ ਹੀ ਟਿਕਟ ਦਿੱਤੀ ਗਈ, ਜਿਸ ‘ਤੇ ਉਹ ਦੌੜ ਕੇ ਚੋਣ ਅਧਿਕਾਰੀ ਦੇ ਦਫਤਰ ‘ਚ ਪੁੱਜੇ ‘ਤੇ ਆਪਣੇ ਕਾਗਜ਼ ਦਾਖਲ ਕੀਤੇ | ਇਸ ਤਰ੍ਹਾਂ ਉਨ੍ਹਾਂ ਦੇ ਵੀ ਸਾਰਾ ਦਿਨ ਸਾਹ ਸੁੱਕੇ ਰਹੇ ਪਰ ਅੰਜ਼ਾਮ ਉਨ੍ਹਾਂ ਦੇ ਹੱਕ ‘ਚ ਜਾਣ ਕਰਕੇ ਉਨ੍ਹਾਂ ਨੂੰ ਸੁੱਖ ਦਾ ਸਾਹ ਲਿਆ |

                                                                 …………..…………Chief Editor Jasdeep Singh