Punjab Junction Newspaper | 08 August 2022
ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੋਂ ਕਬਰਾਂ ਵਿਚੋਂ ਬੋਲ!
ਤੇ ਅੱਜ ਕਿਤਾਬੇ-ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ!
ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।
ਵੇ ਦਰਦਮੰਦਾਂ ਦਿਆ ਦਰਦੀਆ! ਉਠ ਤੱਕ ਆਪਣਾ ਪੰਜਾਬ
ਅਜ ਬੇਲੇ ਲਾਸ਼ਾਂ ਵਿਛੀਆਂ, ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿਚ, ਦਿੱਤੀ ਜ਼ਹਿਰ ਰਲਾ
ਤੇ ਉਨ੍ਹਾਂ ਪਾਣੀਆਂ ਧਰਤ ਨੂੰ, ਦਿੱਤਾ ਪਾਣੀ ਲਾ।
ਇਸ ਜ਼ਰਖੇਜ਼ ਜ਼ਮੀਨ ਦੇ, ਲੂੰ ਲੂੰ ਫੁਟਿਆ ਜ਼ਹਿਰ
ਗਿੱਠ ਗਿੱਠ ਚੜ੍ਹੀਆਂ ਲਾਲੀਆਂ, ਫੁਟ ਫੁਟ ਚੜ੍ਹਿਆ ਕਹਿਰ
ਵਿਹੁ-ਵਲਿੱਸੀ ਵਾ ਫਿਰ, ਵਣ ਵਣ ਵੱਗੀ ਜਾ
ਓਹਨੇ ਹਰ ਇਕ ਵਾਂਸ ਦੀ ਵੰਝਲੀ, ਦਿੱਤੀ ਨਾਗ ਬਣਾ।
ਪਹਿਲਾ ਡੰਗ ਮਦਾਰੀਆਂ, ਮੰਤਰ ਗਏ ਗੁਆਚ
ਦੂਜੇ ਡੰਗ ਦੀ ਲੱਗ ਗਈ, ਜਣੇ ਖਣੇ ਨੂੰ ਲਾਗ
ਨਾਗਾਂ ਕੀਲੇ ਲੋਕ-ਮੂੰਹ, ਬੱਸ ਫਿਰ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ, ਨੀਲੇ ਪੈ ਗਏ ਅੰਗ।
ਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ
ਤ੍ਰਿੰਜਣੋਂ ਟੁੱਟੀਆਂ ਸਹੇਲੀਆਂ, ਚਰਖੜੇ ਘੂਕਰ ਬੰਦ
ਸਣੇ ਸੇਜ ਦੇ ਬੇੜੀਆਂ, ਲੁੱਡਣ ਦਿੱਤੀਆਂ ਰੋੜ੍ਹ
ਸਣੇ ਡਾਲੀਆਂ ਪੀਂਘ ਅੱਜ, ਪਿੱਪਲਾਂ ਦਿੱਤੀ ਤੋੜ।
ਜਿਥੇ ਵਜਦੀ ਸੀ ਫੂਕ ਪਿਆਰ ਦੀ, ਵੇ ਉਹ ਵੰਝਲੀ ਗਈ ਗੁਆਚ
ਰਾਂਝੇ ਦੇ ਸਭ ਵੀਰ ਅੱਜ, ਭੁੱਲ ਗਏ ਉਹਦੀ ਜਾਚ×
ਧਰਤੀ ਤੇ ਲਹੂ ਵਸਿਆ, ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜ਼ਾਦੀਆਂ, ਅੱਜ ਵਿਚ ਮਜ਼ਾਰਾਂ ਰੋਣ।
ਅੱਜ ਸਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ
ਅੱਜ ਕਿਥੋਂ ਲਿਆਈਏ ਲੱਭ ਕੇ, ਵਾਰਿਸ ਸ਼ਾਹ ਇਕ ਹੋਰ×
ਅੱਜ ਆਖਾਂ ਵਾਰਿਸ ਸ਼ਾਹ ਨੂੰ, ਤੂੰਹੇ ਕਬਰਾਂ ਵਿਚੋਂ ਬੋਲ!
ਤੂੰ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ!
* ਅੰਮ੍ਰਿਤਾ ਪ੍ਰੀਤਮ *