Punjab Junction Weekly Newspaper / 5 February 2023
ਮੁੰਬਈ,
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਨਿਚਰਵਾਰ ਨੂੰ ਕਿਹਾ ਕਿ ਅਡਾਨੀ ਗਰੁੱਪ ਦੇ 20,000 ਕਰੋੜ ਰੁਪਏ ਦਾ ਐਫ. ਪੀ. ਓ. ਵਾਪਸ ਲੈਣ ਨਾਲ ਦੇਸ਼ ਦੀ ਅਰਥਵਿਵਸਥਾ ਦਾ ਅਕਸ ਪ੍ਰਭਾਵਿਤ ਨਹੀਂ ਹੋਇਆ ਹੈ | ਵਿੱਤ ਮੰਤਰੀ ਨੇ ਬਜਟ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦੋ ਦਿਨਾਂ ਵਿਚ ਹੀ 8 ਅਰਬ ਅਮਰੀਕੀ ਡਾਲਰ ਦੀ ਵਿਦੇਸ਼ੀ ਕਰੰਸੀ ਆਈ ਹੈ | ਉਨ੍ਹਾਂ ਕਿਹਾ ਕਿ ਸਾਡਾ ਵਿਸ਼ਾਲ ਆਰਥਿਕ ਬੁਨਿਆਦੀ ਆਧਾਰ ਜਾਂ ਸਾਡੀ ਅਰਥਵਿਵਸਥਾ ਦਾ ਅਕਸ, ਇਨ੍ਹਾਂ ਵਿਚੋਂ ਕੋਈ ਵੀ ਪ੍ਰਭਾਵਿਤ ਨਹੀਂ ਹੋਇਆ ਹੈ | ਇਹ ਜ਼ਰੂਰ ਹੈ ਕਿ ਐਫ.ਪੀ.ਓ. ਆਉਂਦੇ ਰਹੇ ਹਨ ਅਤੇ ਐਫ.ਆਈ.ਆਈ. ਬਾਹਰ ਨਿਕਲਦੇ ਰਹੇ ਹਨ | ਉਨ੍ਹਾਂ ਕਿਹਾ ਕਿ ਹਰ ਬਾਜ਼ਾਰ ਵਿਚ ਉਤਰਾਅ-ਚੜ੍ਹਾਅ ਹੁੰਦਾ ਹੈ ਪਰ ਪਿਛਲੇ ਕੁਝ ਦਿਨਾਂ ਵਿਚ ਹੋਇਆ ਵਾਧਾ ਇਸ ਤੱਥ ਨੂੰ ਸਾਬਤ ਕਰਦਾ ਹੈ ਕਿ ਭਾਰਤ ਅਤੇ ਉਸ ਦੀ ਤਾਕਤ ਨੂੰ ਲੈ ਕੇ ਭਰੋਸਾ ਬਰਕਰਾਰ ਹੈ | ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਦੋਸ਼ਾਂ ਦੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਰੈਗੂਲੇਟਰ ਆਪਣਾ ਕੰਮ ਕਰਨਗੇ | ਸੇਬੀ ਕੋਲ ਬਾਜ਼ਾਰਾਂ ਦੀ ਸਥਿਰਤਾ ਯਕੀਨੀ ਕਰਨ ਦੇ ਸਾਧਨ ਹਨ |
ਬੈਂਗਲੁਰੂ : ਉਧਰ ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਵਿਚ ਰੈਗੂਲੇਟਰਜ਼ ਅਜਿਹੀ ਸਥਿਤੀ ਨੂੰ ਕਾਬੂ ਕਰਨ ਅਤੇ ਸਹੀ ਫੈਸਲੇ ਲੈਣ ਲਈ ਕਾਫੀ ਕਾਬਲ ਹਨ | ਉਨ੍ਹਾਂ ਕਿਹਾ ਕਿ ਸਾਡੇ ਰੈਗੂਲੇਟਰਜ਼ ਬਹੁਤ ਸਮਰੱਥ ਹਨ ਅਤੇ ਸਾਡਾ ਵਿੱਤੀ ਬਾਜ਼ਾਰ ਦੁਨੀਆ ਦੇ ਸਭ ਤੋਂ ਸਨਮਾਨਿਤ ਅਤੇ ਵਧੀਆ ਤਰੀਕੇ ਨਾਲ ਰੈਗੂਲੇਟਡ ਬਾਜ਼ਾਰਾਂ ਵਿਚੋਂ ਇਕ ਹੈ |
Chief Editor- Jasdeep Singh (National Award Winner)