ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’

Punjab Junction Newspaper | 10 January 2022

ਨਵੀਂ ਦਿੱਲੀ, -ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹਰ ਸਾਲ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ | ਪ੍ਰਧਾਨ ਮੰਤਰੀ ਮੋਦੀ ਨੇ ਲੜੀਵਾਰ ਟਵੀਟਾਂ ਰਾਹੀਂ ਇਹ ਐਲਾਨ ਕਰਦਿਆਂ ਕਿਹਾ ਕਿ ਇਹ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਇਨਸਾਫ ਦੀ ਲੜਾਈ ਲਈ ਸੱਚੀ ਸ਼ਰਧਾਂਜਲੀ ਹੋਵੇਗੀ | ਅਗਲੇ ਟਵੀਟ ‘ਚ ਉਨ੍ਹਾਂ ਕਿਹਾ ਕਿ ‘ਵੀਰ ਬਾਲ ਦਿਵਸ’ ਉਸੇ ਦਿਨ ਮਨਾਇਆ ਜਾਵੇਗਾ ਜਦੋਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਨੂੰ ਕੰਧ ‘ਚ ਜਿਉਂਦੇ ਚਿਣਵਾਏ ਜਾਣ ਉਪਰੰਤ ਸ਼ਹੀਦੀ ਪ੍ਰਾਪਤ ਕੀਤੀ ਸੀ | ਸ੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਦੋਹਾਂ ਮਹਾਨ ਹਸਤੀਆਂ ਨੇ ਧਰਮ ਦੇ ਮਹਾਨ ਸਿਧਾਂਤਾਂ ਤੋਂ ਭਟਕਣ ਦੀ ਥਾਂ ‘ਤੇ ਮੌਤ ਨੂੰ ਪ੍ਰਵਾਨ ਕੀਤਾ ਸੀ | ਸ੍ਰੀ ਮੋਦੀ ਨੇ ਤੀਜੇ ਟਵੀਟ ‘ਚ ਗੁਰੂ ਗੋਬਿੰਦ ਸਿੰਘ ਜੀ ਸਮੇਤ ਸਮੁੱਚੇ ਪਰਿਵਾਰ ਦੀ ਬਹਾਦਰੀ ਨੂੰ ਨਮਨ ਕਰਦਿਆਂ ਕਿਹਾ ਕਿ ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼ਾਂ ਨੇ ਲੱਖਾਂ ਲੋਕਾਂ ਨੂੰ ਤਾਕਤ ਬਖ਼ਸ਼ੀ ਹੈ | ਉਨ੍ਹਾਂ ਨੇ ਕਦੇ ਅਨਿਆਂ ਦੇ ਅੱਗੇ ਸੀਸ ਨਹੀਂ ਝੁਕਾਇਆ | ਉਨ੍ਹਾਂ ਇਕ ਅਜਿਹੇ ਸਮਾਜ ਦਾ ਸੁਪਨਾ ਸਿਰਜਿਆ, ਜਿਹੜਾ ਸਮੂਹਿਕ ਹੋਵੇ ਅਤੇ ਇਕਸੁਰਤਾ ਪੈਦਾ ਕਰ ਸਕੇ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮੇਂ ਦੀ ਮੰਗ ਹੈ ਕਿ ਹੋਰ ਲੋਕਾਂ ਨੂੰ ਵੀ ਉਨ੍ਹਾਂ ਬਾਰੇ ਪਤਾ ਲੱਗੇ |
ਪ੍ਰਕਾਸ਼ ਪੁਰਬ ਮੌਕੇ ਨਮਨ
‘ਵੀਰ ਬਾਲ ਦਿਵਸ’ ਦਾ ਐਲਾਨ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਨੂੰ ਯਾਦ ਕੀਤਾ | ਸ੍ਰੀ ਮੋਦੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਅਤੇ ਸੰਦੇਸ਼ ਲੱਖਾਂ ਲੋਕਾਂ ਨੂੰ ਤਾਕਤ ਦਿੰਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਇਸ ਗੱਲ ਦੀ ਖ਼ੁਸ਼ੀ ਹੋਵੇਗੀ ਕਿ ਉਨ੍ਹਾਂ ਦੀ ਸਰਕਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ ਮਿਲਿਆ | ਪ੍ਰਧਾਨ ਮੰਤਰੀ ਨੇ 2017 ‘ਚ ਪਟਨਾ ਸਾਹਿਬ ‘ਚ ਮਨਾਏ 350ਵੇਂ ਪ੍ਰਕਾਸ਼ ਪੁਰਬ ਦੀਆਂ ਕੁਝ ਤਸਵੀਰਾਂ ਵੀ ਟਵਿੱਟਰ ‘ਤੇ ਸਾਂਝੀਆਂ ਕੀਤੀਆਂ |
ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੇ ਕੀਤਾ ਧੰਨਵਾਦ
ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੇ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਐਲਾਨਣ ਲਈ ਉਚੇਚੇ ਤੌਰ ‘ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 2018 ‘ਚ ਇਕ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਕਈ ਸੰਸਦ ਮੈਂਬਰਾਂ ਨੂੰ ਮਿਲ ਕੇ ਦਸਤਖ਼ਤ ਲਏ ਸੀ ਕਿ 26 ਦਸੰਬਰ ਨੂੰ ਚਾਰ ਸਾਹਿਬਜ਼ਾਦਿਆਂ ਦੇ ਬਲੀਦਾਨ ਦਿਵਸ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਵੇ | ਵਰਮਾ ਨੇ ਪ੍ਰਧਾਨ ਮੰਤਰੀ ਦੇ ਇਸ ਫ਼ੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ |
ਕਈ ਆਗੂਆਂ ਵਲੋਂ ਸ਼ਲਾਘਾ
ਪ੍ਰਧਾਨ ਮੰਤਰੀ ਦੇ ਐਲਾਨ ਤੋਂ ਤੁਰੰਤ ਬਾਅਦ ਹੀ ਕਈ ਆਗੂਆਂ ਵਲੋਂ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਗਈ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਅਤੇ ਧਰਮ ਦੀ ਰੱਖਿਆ ਲਈ 4 ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਲਾਸਾਨੀ ਬਲੀਦਾਨ ਅਤੇ ਰਾਸ਼ਟਰ ਭਗਤੀ ਨੂੰ ਦੇਸ਼ ਦੀ ਧਰੋਹਰ ਦੱਸਦਿਆਂ ਉਨ੍ਹਾਂ ਨੂੰ ਨਮਨ ਕੀਤਾ ਅਤੇ ਪ੍ਰਧਾਨ ਮੰਤਰੀ ਦੇ ਫ਼ੈਸਲੇ ਦਾ ਸਵਾਗਤ ਕੀਤਾ | ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਵੀ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਚਾਰ ਸਾਹਿਬਜ਼ਾਦਿਆਂ ਦੀ ਰਾਸ਼ਟਰ ਭਗਤੀ ਨੂੰ ਸੱਚੀ ਸ਼ਰਧਾਂਜਲੀ ਹੈ | ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਫ਼ੈਸਲੇ ਨੂੰ ਗੁਰਪੁਰਬ ਮੌਕੇ ਦਿੱਤੀ ਖ਼ੁਸ਼ਖਬਰੀ ਕਰਾਰ ਦਿੱਤਾ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਹੁਣ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੇ ਗੱਠਜੋੜ ਭਾਈਵਾਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਫ਼ੈਸਲੇ ਦੀ ਖੂਬ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਵਲੋਂ ਵਿਖਾਈ ਗਈ ਬਹਾਦਰੀ ਬੇਜੋੜ ਹੈ ਅਤੇ ਪੂਰੀ ਦੁਨੀਆ ਨੂੰ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਹੋਵੇ | ਗ੍ਰਹਿ ਮੰਤਰੀ ਨੇ ਵੀ ਐਲਾਨ ਕੀਤਾ ਕਿ ਹਰ ਸਾਲ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਵੇਗਾ | ਗ੍ਰਹਿ ਮੰਤਰਾਲੇ ਵਲੋਂ ਇਹ ਰਸਮੀ ਐਲਾਨ ਨਰਿੰਦਰ ਮੋਦੀ ਵਲੋਂ ਕੀਤੇ ਐਲਾਨ ਤੋਂ ਬਾਅਦ ਹੋਇਆ |

                                                          …………………..…………Chief Editor Jasdeep Singh