ਪ੍ਰਸਿੱਧ ਪੰਜਾਬੀ ਫ਼ਿਲਮੀ ਅਦਾਕਾਰਾ ਦਲਜੀਤ ਕੌਰ ਦਾ ਦਿਹਾਂਤ

Punjab Junction Weekly Newspaper / 18 November 2022

ਗੁਰੂਸਰ ਸੁਧਾਰ,

ਪੰਜਾਬੀ ਫ਼ਿਲਮ ਉਦਯੋਗ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ 70ਵੇਂ ਦੇ ਦਹਾਕਿਆਂ ‘ਚ ਫ਼ਿਲਮ ਇੰਡਸਟਰੀ ‘ਚ ਕੰਮ ਕਰਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਪ੍ਰਸਿੱਧ ਪੰਜਾਬੀ ਅਦਾਕਾਰਾ ਦਲਜੀਤ ਕੌਰ (ਖੰਗੂੜਾ) ਉਮਰ ਕਰੀਬ 69 ਸਾਲ ਦਾ ਅੱਜ ਇਥੇ ਲੰਮੀ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ | ਉਨ੍ਹਾਂ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਕਸਬਾ ਗੁਰੂਸਰ ਸੁਧਾਰ (ਨਵੀਂ ਆਬਾਦੀ ਅਕਾਲਗੜ੍ਹ) ਵਿਖੇ ਦੁਪਹਿਰ 12:30 ਵਜੇ ਕਰ ਦਿੱਤਾ ਗਿਆ |
ਜੀਵਨ ‘ਤੇ ਸੰਖੇਪ ਝਾਤ
ਅਦਾਕਾਰਾ ਦਲਜੀਤ ਕੌਰ ਦਾ ਜਨਮ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਪਿਤਾ ਮਹਿੰਦਰ ਸਿੰਘ ਦੇ ਗ੍ਰਹਿ ਸਿਲੀਗੁੜੀ (ਪੱਛਮੀ ਬੰਗਾਲ) ਵਿਖੇ ਮਿਤੀ 24 ਮਾਰਚ 1954 ਨੂੰ ਹੋਇਆ | ਉੁਾਝ ਅਦਾਕਾਰਾ ਦੇ ਪਿਤਾ ਪੁਰਖਿਆਂ ਦਾ ਪਿੰਡ ਐਤੀਆਣਾ ਤੇ ਖੰਗੂੜਾ ਗੋਤ ਹੈ ਤੇ ਟਰਾਂਸਪੋਰਟ ਦੇ ਕਿੱਤੇ ਨੂੰ ਮੁੱਖ ਰੱਖਦਿਆਂ ਪਰਿਵਾਰ ਪੱਛਮੀ ਬੰਗਾਲ ਸੂਬੇ ਦੇ ਸਿਲੀਗੁੜੀ ਵਿਖੇ ਰਹਿਣ ਲੱਗ ਪਿਆ ਸੀ | ਦਲਜੀਤ ਕੌਰ ਨੇ ਮੁੱਢਲੀ ਤੇ ਸੀਨੀਅਰ ਸੈਕੰਡਰੀ ਤੱਕ ਦੀ ਸਿੱਖਿਆ ਸਿਲੀਗੁੜੀ ਤੋਂ ਪ੍ਰਾਪਤ ਕਰਨ ਤੋਂ ਇਲਾਵਾ ਸ੍ਰੀ ਰਾਮ ਲੇਡੀਜ਼ ਕਾਲਜ ਦਿੱਲੀ ਤੋਂ ਗਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ |
ਫ਼ਿਲਮੀ ਸਫ਼ਰ
ਬਚਪਨ ਤੋਂ ਹੀ ਵੱਡੇ ਪਰਦੇ ‘ਤੇ ਆਪਣੀ ਛਾਪ ਬਣਾਉਣ ਦੀ ਚਾਹਵਾਨ ਦਲਜੀਤ ਕੌਰ ਨੇ ਸੰਨ 1976 ਵਿਚ ਧੀਰਜ ਕੁਮਾਰ ਨਾਲ ਪੰਜਾਬੀ ਫ਼ਿਲਮ ‘ਦਾਜ’ ਵਿਚ ਕੰਮ ਕੀਤਾ ਤੇ ਇਹ ਫ਼ਿਲਮ ਕਾਫ਼ੀ ਸਫ਼ਲ ਰਹੀ | ਇਸ ਤੋਂ ਇਲਾਵਾ ਉਨ੍ਹਾਂ ਪੰਜਾਬੀ ਫ਼ਿਲਮ ਅਦਾਕਾਰਾਂ ਵਰਿੰਦਰ, ਸਤੀਸ਼ ਕੌਲ, ਯੋਗਰਾਜ ਸਿੰਘ, ਗੁੱਗੂ ਗਿੱਲ ਆਦਿ ਨਾਲ ਵੱਖ-ਵੱਖ ਸਮੇਂ ‘ਤੇ ਪੁੱਤ ਜੱਟਾਂ ਦੇ (1983), ਕੀ ਬਣੂ ਦੁਨੀਆ ਦਾ (1986), ਸਰਪੰਚ, ਪਟੋਲਾ (1988), ਮਾਮਲਾ ਗੜਬੜ੍ਹ ਹੈ (1983), ਅਣਖ ਜੱਟ ਦੀ, ਜੱਗਾ ਡਾਕੂ, ਰੂਪ ਸ਼ੌਕੀਨ ਦਾ, ਸੈਦਾ ਜੋਗਣ (1979), ਸੋਹਣੀ ਮਹੀਵਾਲ ਆਦਿ ਸਮੇਤ 70 ਤੋਂ 80 (ਵਧੇਰੇ ਪੰਜਾਬੀ) ਹਿੰਦੀ ਤੇ ਦੱਖਣੀ ਭਾਰਤ ਦੀਆਂ ਫ਼ਿਲਮਾਂ ਅੰਦਰ ਆਪਣੀ ਅਦਾਕਾਰੀ ਪੇਸ਼ ਕੀਤੀ | ਦਲਜੀਤ ਕੌਰ ਸਫ਼ਲ ਅਦਾਕਾਰਾ ਹੋਣ ਦੇ ਨਾਲ-ਨਾਲ ਉਨ੍ਹਾਂ ਸਮਿਆਂ ਅੰਦਰ ਰਾਸ਼ਟਰੀ ਪੱਧਰ ‘ਤੇ ਕਬੱਡੀ ਸਮੇਤ ਹਾਕੀ ਦੀ ਵੀ ਨਾਮਵਰ ਖਿਡਾਰਨ ਰਹੀ | ਇਕ ਸੜਕ ਹਾਦਸੇ ਦੌਰਾਨ ਪਤੀ ਹਰਮਿੰਦਰ ਸਿੰਘ ਦਿਓਲ ਦੀ ਮੌਤ ਹੋ ਜਾਣ ਉਪਰੰਤ ਦਲਜੀਤ ਕੌਰ ਨੇ ਕੁਝ ਸਮੇਂ ਲਈ ਇੰਡਸਟਰੀ ਤੋਂ ਕਿਨਾਰਾ ਕਰ ਲਿਆ ਪਰ ਬਾਅਦ ਵਿਚ ਫਿਰ ਅਦਾਕਾਰੀ ਦਾ ਕੰਮ ਸ਼ੁਰੂ ਕੀਤਾ | ਸੰਨ 2013 ਵਿਚ ਰਿਲੀਜ਼ ਹੋਈ ਪੰਜਾਬੀ ਗਾਇਕ ਤੇ ਫ਼ਿਲਮ ਨਿਰਮਾਤਾ ਗਿੱਪੀ ਗਰੇਵਾਲ ਦੀ ਫ਼ਿਲਮ ‘ਸਿੰਘ ਵਰਸਜ਼ ਕੌਰ’ ‘ਚ ਦਲਜੀਤ ਕੌਰ ਨੇ ਗਿੱਪੀ ਦੀ ਮਾਂ ਵਜੋਂ ਬਿਹਤਰੀਨ ਰੋਲ ਨਿਭਾਇਆ | ਉਪਰੰਤ ਦਲਜੀਤ ਕੌਰ ਨੇ 2016 ਤੱਕ ਕੁਝ ਕੁ ਫ਼ਿਲਮਾਂ ‘ਚ ਕੰਮ ਕੀਤਾ ਪਰ ਉਹ ਅਧੂਰੀਆਂ ਹੀ ਰਹਿ ਗਈਆਂ | ਆਪਣੀ ਕੋਈ ਵੀ ਸੰਤਾਨ ਨਾ ਹੋਣ ਕਾਰਨ ਅਦਾਕਾਰਾ ਦਲਜੀਤ ਕੌਰ ਪਿਛਲੇ 12 ਸਾਲਾਂ ਤੋਂ ਬਿਮਾਰੀ ਦੀ ਹਾਲਤ ਵਿਚ ਮੁੰਬਈ ਤੋਂ ਇਥੇ ਗੁਰੂਸਰ ਸੁਧਾਰ ਵਿਖੇ ਆਪਣੇ ਸਵ: ਤਾਇਆ ਜੀ ਦੇ ਲੜਕੇ ਚਚੇਰੇ ਭਰਾ ਹਰਜਿੰਦਰ ਸਿੰਘ ਖੰਗੂੜਾ ਕੋਲ ਰਹਿ ਰਹੀ ਸੀ ਕਿ ਅੱਜ ਸਭਨਾਂ ਨੂੰ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਐਤੀਆਣਾ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਸਰਪੰਚ ਸੁਖਵਿੰਦਰ ਸਿੰਘ ਕਲੇਰ, ਸਰਪੰਚ ਲਖਵੀਰ ਸਿੰਘ, ਸੰਤੋਖ ਗਿੱਲ, ਕੰਵਰਪਾਲ ਆਹਲੂਵਾਲੀਆ, ਸੁਨੀਲ ਸੈਨ, ਪਵਨ ਜੈਦਿਆ, ਡਾ. ਅਨਿਲ ਅਰੋੜਾ ਸਮੇਤ ਸਕੇ ਸੰਬੰਧੀ, ਸਥਾਨਕ ਤੇ ਐਤੀਆਣਾ ਵਾਸੀ ਸ਼ਾਮਿਲ ਹੋਏ | ਦਲਜੀਤ ਕੌਰ ਦੀ ਚਿਤਾ ਨੂੰ ਅਗਨੀ ਹਰਜਿੰਦਰ ਸਿੰਘ ਖੰਗੂੜਾ ਤੇ ਭੈਣ ਦੇ ਲੜਕੇ ਰਿਸ਼ਭ ਵਲੋਂ ਦਿਖਾਈ ਗਈ |

Chief Editor- Jasdeep Singh  (National Award Winner)