Punjab Junction Newspaper | 21 January 2022
ਐੱਸ. ਏ. ਐੱਸ. ਨਗਰ,
-ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਸੰਸਦ ਮੈਂਬਰ ਭਗਵੰਤ ਮਾਨ ਜ਼ਿਲ੍ਹਾ ਸੰਗਰੂਰ ਦੇ ਧੂਰੀ ਹਲਕੇ ਤੋਂ ਵਿਧਾਨ ਸਭਾ ਚੋਣ ਲੜਨਗੇ | ਇਹ ਐਲਾਨ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਉਪ ਇੰਚਾਰਜ ਰਾਘਵ ਚੱਢਾ ਨੇ ਮੁਹਾਲੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਪਾਰਟੀ ਭਗਵੰਤ ਮਾਨ ਨੂੰ ਧੂਰੀ ਹਲਕੇ ਤੋਂ ਵਿਧਾਨ ਸਭਾ ਚੋਣ ਲੜਾਉਣ ਜਾ ਰਹੀ ਹੈ | ਉਨ੍ਹਾਂ ਉਮੀਦ ਜਤਾਈ ਕਿ ਧੂਰੀ ਹਲਕੇ ਦੇ ਲੋਕ ਭਗਵੰਤ ਮਾਨ ਨੂੰ ਰਿਕਾਰਡਤੋੜ ਵੋਟਾਂ ਪਾ ਕੇ ਇਕਤਰਫ਼ਾ ਜਿੱਤ ਦਿਵਾਉਣਗੇ | ਉਨ੍ਹਾਂ ਦੱਸਿਆ ਕਿ ਸਾਰੇ ਸਰਵੇਖਣ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ | ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਉਹ ਅਕਾਲੀਆਂ ਅਤੇ ਕਾਂਗਰਸੀਆਂ ਦੀ ਲੁੱਟ-ਖਸੁੱਟ ਤੋਂ ਤੰਗ ਆ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅਸਲ ‘ਚ ਇਸ ਵਾਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਖੁਸ਼ਹਾਲ ਪੰਜਾਬ ਦੀ ਸਿਰਜਣਾ ‘ਚ ਆਪਣਾ ਯੋਗਦਾਨ ਪਾਉਣਗੇ |
ਧੂਰੀ ਦੇ ਲੋਕਾਂ ਨੇ ਮੈਨੂੰ ਹਮੇਸ਼ਾ ਪਿਆਰ ਦਿੱਤਾ-ਭਗਵੰਤ ਮਾਨ
ਚੰਡੀਗੜ੍ਹ, (ਅਜੀਤ ਬਿਊਰੋ)-ਧੂਰੀ ਹਲਕੇ ਤੋਂ ਉਮੀਦਵਾਰ ਬਣਾਏ ਜਾਣ ‘ਤੇ ਭਗਵੰਤ ਮਾਨ ਨੇ ਕਿਹਾ ਕਿ ਧੂਰੀ ਦੇ ਲੋਕਾਂ ਨੇ ਹਮੇਸ਼ਾ ਤੋਂ ਮੈਨੂੰ ਪਿਆਰ ਦਿੱਤਾ ਹੈ | ਸੰਗਰੂਰ, ਧੂਰੀ ਅਤੇ ਆਸਪਾਸ ਦੇ ਲੋਕਾਂ ਨਾਲ ਮੇਰਾ ਸੁੱਖ-ਦੁੱਖ ਦਾ ਰਿਸ਼ਤਾ ਹੈ | ਮਾਨ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਇਸ ਚੋਣ ਵਿਚ ਧੂਰੀ ਦੇ ਲੋਕ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਪਿਆਰ ਦੇਣਗੇ |
…………Chief Editor Jasdeep Singh