Punjab Junction Newspaper | 23 January 2022
ਨਵੀਂ ਦਿੱਲੀ,
ਚੋਣ ਕਮਿਸ਼ਨ ਨੇ ਪੰਜਾਬ ਸਮੇਤ ਪੰਜ ਰਾਜਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰੈਲੀਆਂ ਅਤੇ ਸਿਆਸੀ ਸਭਾਵਾਂ ‘ਤੇ ਲਾਈ ਪਾਬੰਦੀ 31 ਜਨਵਰੀ ਤੱਕ ਵਧਾ ਦਿੱਤੀ ਹੈ। ਇਹ ਫ਼ੈਸਲਾ ਚੋਣ ਕਮਿਸ਼ਨ ਵਲੋਂ ਸਨਿਚਰਵਾਰ ਨੂੰ ਪੰਜਾਂ ਰਾਜਾਂ ਦੇ ਸਿਹਤ ਸਕੱਤਰਾਂ ਅਤੇ ਕੇਂਦਰੀ ਸਿਹਤ ਸਕੱਤਰ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਹਾਲਾਂਕਿ ਕਮਿਸ਼ਨ ਵਲੋਂ 10 ਫਰਵਰੀ ਅਤੇ 14 ਫਰਵਰੀ ਨੂੰ ਹੋਣ ਵਾਲੀਆਂ ਪਹਿਲੇ ਗੇੜ ਦੀਆਂ ਚੋਣਾਂ ਲਈ ਕੁਝ ਛੋਟਾਂ ਦਾ ਵੀ ਐਲਾਨ ਕੀਤਾ ਹੈ। ਕਮਿਸ਼ਨ ਵਲੋਂ ਘਰ-ਘਰ ਜਾ ਕੇ ਪ੍ਰਚਾਰ ਕਰਨ ਵਾਲੇ ਲੋਕਾਂ ਦੀ ਹੱਦ 5 ਤੋਂ ਵਧਾ ਕੇ 10 ਕਰ ਦਿੱਤੀ ਗਈ ਹੈ, ਜਿਨ੍ਹਾਂ ‘ਚ ਸੁਰੱਖਿਆ ਅਮਲਾ ਸ਼ਾਮਿਲ ਨਹੀਂ ਹੈ। ਕਮਿਸ਼ਨ ਨੇ ਪਹਿਲੇ ਪੜਾਅ ਦੀਆਂ ਚੋਣਾਂ ਲਈ ਨਿਸਚਿਤ ਕੀਤੀ ਖੁੱਲ੍ਹੀ ਥਾਂ ‘ਤੇ 500 ਲੋਕਾਂ ਤੱਕ ਦੇ ਸ਼ਾਮਿਲ ਹੋਣ ਦੀ ਜਾਂ ਕੋਰੋਨਾ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਗਰਾਊਂਡ ਦੀ ਸਮਰੱਥਾ ਮੁਤਾਬਿਕ 50 ਫ਼ੀਸਦੀ ਤੱਕ ਕੀਤੀ ਜਾ ਸਕਦੀ ਹੈ। ਪਹਿਲੇ ਪੜਾਅ ਲਈ ਇਹ ਛੋਟ 28 ਜਨਵਰੀ ਤੋਂ 8 ਫਰਵਰੀ ਤੱਕ ਅਤੇ ਦੂਜੇ ਪੜਾਅ ਲਈ 1 ਫਰਵਰੀ ਤੋਂ 12 ਫਰਵਰੀ ਤੱਕ ਹੋਵੇਗੀ। ਕਮਿਸ਼ਨ ਨੇ ਵੀਡੀਓ ਵੈਨ ਦੇ ਪ੍ਰਚਾਰ ਲਈ ਲਈ ਖੁੱਲ੍ਹੀ ਥਾਂ ‘ਚ ਇਸਤੇਮਾਲ ਦੀ ਵੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨੂੰ ਵੇਖਣ ਲਈ 500 ਤੱਕ ਲੋਕ ਆ ਸਕਦੇ ਹਨ। ਹਾਲਾਂਕਿ ਇਸ ਦੌਰਾਨ ਟ੍ਰੈਫ਼ਿਕ ‘ਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ। ਕਮਿਸ਼ਨ ਨੇ ਇਨਡੋਰ ਮੀਟਿੰਗਾਂ ਲਈ ਲੋਕਾਂ ਦੀ ਹੱਦ ‘ਚ ਕੋਈ ਵਾਧਾ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ‘ਚ ਪਿਛਲੇ 24 ਘੰਟਿਆਂ ‘ਚ 3 ਲੱਖ, 37 ਹਜ਼ਾਰ ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 7 ਦਿਨਾਂ ‘ਚ ਮਨੀਪੁਰ ‘ਚ ਰੋਜ਼ਾਨਾ ਮਾਮਲਿਆਂ ‘ਚ ਸਭ ਤੋਂ ਵੱਧ 266 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ‘ਚ ਇਕ ਹਫ਼ਤੇ ‘ਚ ਸਰਗਰਮ ਮਾਮਲਿਆਂ ‘ਚ 28 ਫ਼ੀਸਦੀ ਦਾ ਵਾਧਾ ਹੋਇਆ ਹੈ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਵੀ ਕੋਰੋਨਾ ਮਾਮਲਿਆਂ ‘ਚ ਵਾਧੇ ਦਾ ਰੁਝਾਨ ਹੈ, ਜਦਕਿ ਗੋਆ ‘ਚ ਰੋਜ਼ਾਨਾ ਮਾਮਲਿਆਂ ‘ਚ ਗਿਰਾਵਟ ਦਰਜ ਕੀਤੀ ਗਈ ਹੈ।
…………Chief Editor Jasdeep Singh