ਕੇਂਦਰ ਲਾਹੇਵੰਦ ਭਾਅ ਦੇਵੇ ਤਾਂ ਪੰਜਾਬ ਦੇ ਕਿਸਾਨ ਬਦਲਵੀਆਂ ਫ਼ਸਲਾਂ ਬੀਜਣ ਲਈ ਤਿਆਰ-ਭਗਵੰਤ ਮਾਨ

Punjab Junction Weekly Newspaper / 24 September 2022

ਲੁਧਿਆਣਾ, ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਣਕ ਤੇ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਦਾ ਲਾਹੇਵੰਦ ਭਾਅ ਦੇਵੇ, ਤਾਂ ਪੰਜਾਬ ਦੇ ਕਿਸਾਨ ਬਦਲਵੀਆਂ ਫ਼ਸਲਾਂ ਬੀਜਣ ਲਈ ਤਿਆਰ ਬਰ ਤਿਆਰ ਹਨ | ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਆਉਣ ਵਾਲੇ 2 ਦਿਨ ਵਿਚ ਪਰਾਲੀ ਦੀ ਸਮੱਸਿਆ ਲਈ ਵੱਡਾ ਫ਼ੈਸਲਾ ਲਿਆ ਜਾ ਰਿਹਾ ਹੈ ਤਾਂ ਕਿ ਝੋਨਾ ਵੱਢਣ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਨਾਲ ਪੈਦਾ ਹੁੰਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ | ਉਨ੍ਹਾਂ ਕਿਹਾ ਕਿ 18 ਅਕਤੂਬਰ ਨੂੰ ਪਰਾਲੀ ਦੀ ਸੰਭਾਲ ਲਈ ਲਹਿਰਾਗਾਗਾ ਵਿਖੇ ਇਕ ਕਾਰਖ਼ਾਨੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਖੇਤੀ ਮਾਹਿਰਾਂ ਨੂੰ ਨਵੀਆਂ ਤਕਨੀਕਾਂ ਤੇ ਚੁਣੌਤੀਆਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਵਾਉਣ ਲਈ ਖੁਦ ਉਨ੍ਹਾਂ ਕੋਲ ਖੇਤਾਂ ਵਿਚ ਪਹੁੰਚ ਕਰਨ ਦੇ ਹੁਕਮ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਵਿਚ ਰੁੱਝੇ ਕਿਸਾਨ ਕੋਲ ਖੇਤੀ ਸੰਸਥਾਵਾਂ ਕੋਲ ਪਹੁੰਚ ਕਰਕੇ ਨਵੀਆਂ ਖੋਜਾਂ ਤੇ ਤਕਨੀਕਾਂ ਬਾਰੇ ਸਿੱਖਣ ਦਾ ਸਮਾਂ ਨਹੀਂ ਹੁੰਦਾ ਜਿਸ ਕਰਕੇ ਖੇਤੀ ਮਾਹਿਰਾਂ ਨੂੰ ਹੀ ਖੇਤਾਂ ਵੱਲ ਰੁਖ ਕਰਨਾ ਪਵੇਗਾ ਤਾਂ ਕਿ ਕਿਸਾਨ ਆਧੁਨਿਕ ਅਤੇ ਅਗਾਂਹਵਧੂ ਖੇਤੀ ਢੰਗ-ਤਰੀਕਿਆਂ ਨੂੰ ਅਪਣਾ ਕੇ ਹੋਰ ਤਰੱਕੀ ਕਰ ਸਕਣ | ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੇਤੀ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਹਿਮ ਯੋਗਦਾਨ ਉਤੇ ਚਾਨਣਾ ਪਾਉਂਦੇ ਹੋਏ ਕਿਸਾਨਾਂ ਨੂੰ ਇਸ ਯੂਨੀਵਰਸਿਟੀ ਤੋਂ ਸਮੇਂ-ਸਮੇਂ ਸਿਰ ਸੇਧ ਲੈਂਦੇ ਰਹਿਣ ਦੀ ਅਪੀਲ ਕੀਤੀ¢ ਉਨ੍ਹਾਂ ਕਿਹਾ ਕਿ ਸਰਕਾਰ ਦੇ ਅਦਾਰੇ ਪਨਸੀਡ ਵਲੋਂ ਕਣਕ ਦਾ ਮਿਆਰੀ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ ਤਾਂ ਕਿ ਫਸਲ ਦਾ ਵੱਧ ਤੋਂ ਵੱਧ ਝਾੜ ਲਿਆ ਜਾ ਸਕੇ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਮੁੱਖ ਮੰਤਰੀ ਦਾ ਸਨਮਾਨ ਕੀਤਾ¢ ਆਪਣੇ ਭਾਸ਼ਣ ਵਿਚ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕਿਸਾਨਾਂ ਨੂੰ ਮੇਲੇ ਵਿਚੋਂ ਸੁਧਰੇ ਬੀਜ, ਖੇਤੀ ਸਾਹਿਤ, ਫਲਾਂ ਤੇ ਸਬਜੀਆਂ ਦੀ ਪਨੀਰੀ ਆਦਿ ਖਰੀਦ ਲੈ ਕੇ ਜਾਣੀ ਚਾਹੀਦੀ ਹੈ | ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਖੇਤੀ ਖੋਜਾਂ ਬਾਰੇ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ | ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਕਹੇ | ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਲੋਕ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਨਿਰਮਲ ਜੌੜਾ ਨੇ ਕੀਤਾ | ਪੰਜਾਬ ਦੇ ਲੋਕ ਕਲਾਕਾਰਾਂ ਸੁਰਜੀਤ ਭੁੱਲਰ ਤੇ ਸੁਰਭੀ ਮਾਨ ਨੇ ਆਪਣੀ ਗਾਇਕੀ ਅਤੇ ਪੰਡਿਤ ਸੋਮਨਾਥ ਕਵੀਸ਼ਰ ਰੋਡੇ ਨੇ ਹਾਜ਼ਰ ਕਿਸਾਨਾਂ ਦਾ ਮਨੋਰੰਜਨ ਕੀਤਾ | ਇਸ ਦੌਰਾਨ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਰਜਿੰਦਰਪਾਲ ਸਿੰਘ ਛੀਨਾ, ਗੁਰਪ੍ਰੀਤ ਬੱਸੀ ਗੋਗੀ, ਜਗਤਾਰ ਸਿੰਘ ਦਿਆਲਪੁਰਾ, ਜੀਵਨ ਸਿੰਘ ਸੰਗੋਵਾਲ, ਹਰਦੀਪ ਸਿੰਘ ਮੂੰਡੀਆ, ਮਦਨ ਲਾਲ ਬੱਗਾ, ਕੁਲਵੰਤ ਸਿੰਘ ਸੰਧੂ, ਅਸ਼ੋਕ ਪਰਾਸ਼ਰ ਪੱਪੀ, ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰੈਮਨ ਡਾ. ਸੁਖਪਾਲ ਸਿੰਘ, ਜੰਗਲਾਤ ਵਿਕਾਸ ਨਿਗਮ ਦੇ ਚੇਅਰਮੈਨ ਨਵਜੋਤ ਜਰਗ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਨੂੰ ਪ੍ਰਸ਼ਾਦ, ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ, ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਹਰਦਿਆਲ ਸਿੰਘ ਗਜ਼ਨੀਪੁਰ, ਮੈਡਮ ਕਿਰਨਜੋਤ ਕੌਰ ਗਿੱਲ, ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸੁਰਭੀ ਮਲਿਕ ਤੇ ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਤੇ ਹੋਰ ਅਧਿਕਾਰੀ ਹਾਜ਼ਰ ਸਨ¢
ਸੁਰੱਖਿਆ ਘੇਰਾ ਤੋੜ ਕੇ ਮੁੱਖ ਮੰਤਰੀ ਕਿਸਾਨਾਂ ਨੂੰ ਮਿਲੇ
ਮੇਲੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਕਰਕੇ ਪੁਲਿਸ ਵਲੋਂ ਰੱਸੀਆਂ ਲਗਾ ਕੇ ਰਾਸਤੇ ਬੰਦ ਕੀਤੇ ਗਏ ਸਨ ਪਰ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਵਲੋਂ ਲਗਾਏ ਸਟਾਲਾਂ ਦਾ ਦੌਰਾ ਕਰਨ ਤੋਂ ਬਾਅਦ ਜਦੋਂ ਮੁੱਖ ਮੰਤਰੀ ਨੇ ਰੱਸੀ ਦੇ ਪਿੱਛੇ ਖੜ੍ਹੇ ਕਿਸਾਨਾਂ ਨੂੰ ਦੇਖਿਆ, ਤਾਂ ਉਨ੍ਹਾਂ ਨੇ ਸੁਰੱਖਿਆ ਘੇਰਾ ਤੋੜ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦੀ ਜਾਣਕਾਰੀ ਲਈ |

Chief Editor- Jasdeep Singh  (National Award Winner)