Punjab Junction Newspaper | 18 January 2022
ਅੰਮ੍ਰਿਤਸਰ, -ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਫ਼ ਕੀਤਾ ਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ ਤੈਅ ਕਰੇਗਾ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਚੋਣ ਮਨੋਰਥ ਪੱਤਰ ‘ਚ ਸ਼ਾਮਿਲ ਕਰਨ ਲਈ 13 ਨੁਕਾਤੀ ਏਜੰਡਾ ਹਾਈਕਮਾਨ ਨੂੰ ਭੇਜਿਆ ਗਿਆ ਹੈ। ਜਿਸ ਨੂੰ ਆਉਂਦੇ ਹਫ਼ਤੇ ‘ਚ ਜਨਤਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਨਾਰਾਜ਼ ਵਰਕਰਾਂ ਤੇ ਆਗੂਆਂ ਨੂੰ ਮਨਾਉਣ ਦਾ ਉਹ ਹਰ ਯਤਨ ਕਰਨਗੇ ਤੇ ਸੂਬੇ ‘ਚ ਕਾਂਗਰਸ ਦੀ ਸਰਕਾਰ ਬਣਨ ‘ਤੇ 4000 ਵਰਕਰਾਂ ‘ਚ ਚੇਅਰਮੈਨੀਆਂ ਵੰਡੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਕਾਂਗਰਸ ਤੋਂ ਇਲਾਵਾ ਕੋਈ ਹੋਰ ਸਿਆਸੀ ਪਾਰਟੀ ਨਹੀਂ ਹਰਾ ਸਕਦੀ। ਪ੍ਰੈੱਸ ਕਾਨਫ਼ਰੰਸ ਦੌਰਾਨ ਸਿੱਧੂ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਬਦਲੀ ਤਰੀਕ ਬਾਰੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਕਹਿਣ ‘ਤੇ ਚੋਣ ਕਮਿਸ਼ਨ ਵਲੋਂ ਪੰਜਾਬ ‘ਚ ਹੋਣ ਵਾਲੀਆਂ ਚੋਣਾਂ ਦੀ ਤਰੀਕ ਬਦਲੀ ਗਈ ਹੈ, ਜਿਸ ਦਾ ਉਹ ਸਵਾਗਤ ਕਰਦੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਵਲੋਂ ਚੋਣਾਂ ਲਈ ਐਲਾਨੇ ਗਏ ਉਮੀਦਵਾਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਆਪ’ ਕੋਲ ਸਾਰੀ ਕਾਂਗਰਸ ਦੀ ਜੂਠ ਹੈ। ਕਾਂਗਰਸ ਦੇ ਉਮੀਦਵਾਰ ਹੀ ‘ਆਪ’ ‘ਚ ਜਾ ਰਹੇ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ‘ਆਪ’ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਪ੍ਰਵਾਸੀ ਪੰਛੀ ਤੇ ‘ਪੋਲਿਟੀਕਲ ਟੂਰਿਸਟ’ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ‘ਰਬੜ ਦਾ ਗੁੱਡਾ’ ਦੱਸਿਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਵਾਰ ਏਜੰਡੇ ‘ਤੇ ਚੋਣਾਂ ਲੜਨ ਜਾ ਰਹੀ ਹੈ ਤੇ ਹੋਰਨਾਂ ਸਿਆਸੀ ਪਾਰਟੀਆਂ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਲਾਲੀਪੌਪ ਨਹੀਂ ਦੇਵੇਗੀ। ਉਨ੍ਹਾਂ ਨੇ ‘ਪੰਜਾਬ ਮਾਡਲ’ ਤਹਿਤ ਸੂਬੇ ਦੇ ਲੋਕਾਂ ਨੂੰ ਕਈ ਸਹੂਲਤਾਂ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੂਬੇ ‘ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਜ਼ਰੂਰਤਮੰਦ ਘਰੇਲੂ ਔਰਤਾਂ ਨੂੰ 2,000 ਰੁਪਏ ਪ੍ਰਤੀ ਮਹੀਨਾ ਤੇ ਸਾਲ ‘ਚ 8 ਐਲ. ਪੀ. ਜੀ. ਸਿਲੰਡਰ ਮੁਫ਼ਤ ਦਿੱਤੇ ਜਾਣਗੇ। ਇਸ ਦੇ ਇਲਾਵਾ ਲੜਕੀਆਂ ਨੂੰ 5ਵੀਂ ਜਮਾਤ ਪਾਸ ਕਰਨ ‘ਤੇ 5 ਹਜ਼ਾਰ ਰੁਪਏ, 10ਵੀਂ ਪਾਸ ਕਰਨ ‘ਤੇ 15 ਹਜ਼ਾਰ ਰੁਪਏ ਦੇ ਨਾਲ ਟੈਬਲੇਟ ਅਤੇ 12ਵੀਂ ਪਾਸ ਕਰਨ ‘ਤੇ 20 ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰਦਿਆਂ ਕਾਲਜਾਂ ‘ਚ ਦਾਖ਼ਲਾ ਲੈਣ ਵਾਲੀਆਂ ਲੜਕੀਆਂ ਲਈ ਦੋ ਪਹੀਆ ਵਾਹਨ ਮੁਹੱਈਆ ਕਰਵਾਏ ਜਾਣ ਦਾ ਵੀ ਭਰੋਸਾ ਦਿੱਤਾ। ਨਾਲ ਹੀ ਉਨ੍ਹਾਂ ਨੇ ਸੂਬੇ ਦੇ ਹਰ ਜ਼ਿਲ੍ਹੇ ‘ਚ ਔਰਤਾਂ ਲਈ ਵਿਸ਼ੇਸ਼ ਹੁਨਰ ਕੇਂਦਰ ਸਥਾਪਤ ਕਰਨ ਤੇ ਔਰਤਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਸਰਕਾਰੀ ਦਫ਼ਤਰ ‘ਚ ਵੱਖਰੀ ਖਿੜਕੀ ਬਣਾਉਣ ਦਾ ਐਲਾਨ ਕਰਨ ਦੇ ਨਾਲ ਹੀ ਔਰਤਾਂ ਨੂੰ ਘਰ ਤੋਂ ਕਾਰੋਬਾਰ ਸ਼ੁਰੂ ਕਰਨ ਲਈ 2 ਤੋਂ 16 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ ਦੇਣ ਦਾ ਵੀ ਐਲਾਨ ਕੀਤਾ। ਸ਼ਰਾਬ ਤੇ ਰੇਤ ਮਾਫ਼ੀਆ ‘ਤੇ ਵਰ੍ਹਦਿਆਂ ਸਿੱਧੂ ਨੇ ਕਿਹਾ ਕਿ ਸ਼ਰਾਬ ਤੇ ਰੇਤ ਜੀ. ਐਸ. ਟੀ. ਤੋਂ ਬਾਹਰ ਹੈ ਅਤੇ ਇਸ ‘ਤੇ ਵੈਟ ਲਗਾਉਣ ਵਾਲੇ ਜ਼ਿਆਦਾ ਪੈਸੇ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ‘ਚ ਸ਼ਰਾਬ ਅਤੇ ਰੇਤ ਦੀ ਹੋ ਰਹੀ ਗੈਰ-ਕਾਨੂੰਨੀ ਵਿਕਰੀ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਸ਼ਰਾਬ ਦੇ ਸਰਕਾਰੀ ਠੇਕੇ ਖੋਲ੍ਹੇ ਜਾਣਗੇ। ਪੰਜਾਬ ਸਟੇਟ ਕੇਬਲ ਰੈਗੂਲੇਟਰੀ ਕਮਿਸ਼ਨ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ‘ਚ 2 ਕਰੋੜ ਟੀ. ਵੀ. ਸੈੱਟ ਹਨ, ਜਦਕਿ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਦੱਸੀ ਜਾ ਰਹੀ ਹੈ। ਪੰਜਾਬ ਮਾਡਲ ਤਹਿਤ 400 ਦੀ ਕੇਬਲ 215 ਰੁਪਏ ‘ਚ ਦਿੱਤੀ ਜਾਵੇਗੀ, ਜਿਸ ਨਾਲ 3 ਤੋਂ 5 ਹਜ਼ਾਰ ਕਰੋੜ ਦਾ ਮਾਲੀਆ ਹਾਸਲ ਹੋਵੇਗਾ। ਉਨ੍ਹਾਂ ਕਿਹਾ ਕਿ ਬੱਸ ਮਾਫ਼ੀਆ ‘ਤੇ ਲਗਾਮ ਲਗਾਏ ਬਗੈਰ ਇਸ ‘ਚ ਫੈਲੇ ਭ੍ਰਿਸ਼ਟਾਚਾਰ ਨੂੰ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਸੂਬੇ ‘ਚ ਕਾਂਗਰਸ ਸਰਕਾਰ ਬਣਨ ‘ਤੇ ਮੁਲਾਜ਼ਮਾਂ ਤੇ ਕਾਮਿਆਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਕਾਮਿਆਂ ਦੀ ਦਿਹਾੜੀ ਤੈਅ ਕਰਨ ਦੇ ਨਾਲ-ਨਾਲ ਮੁਲਾਜ਼ਮਾਂ ਦੀ ਤਬਦੀਲੀ 7 ਸਾਲ ਤੋਂ ਪਹਿਲਾਂ ਨਾ ਕਰਨ ਦੇ ਨਿਯਮ ਲਾਗੂ ਕੀਤੇ ਜਾਣਗੇ।